ਆਤਿਸ਼ ਗੁਪਤਾ
ਚੰਡੀਗੜ੍ਹ, 22 ਜੁਲਾਈ
ਮੁੱਖ ਅੰਸ਼
- ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਕੀਤੀ ਮੰਗ
- ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ: ਕੁਮਾਰੀ ਸ਼ੈਲਜਾ
ਪੈਗਾਸਸ ਜਾਸੂਸੀ ਮਾਮਲੇ ਦੇ ਵਿਰੋਧ ਵਿੱਚ ਚੰਡੀਗੜ੍ਹ ਸੈਕਟਰ-9 ਵਿੱਚ ਸਥਿਤ ਹਰਿਆਣਾ ਕਾਂਗਰਸ ਦੇ ਦਫ਼ਤਰ ਤੋਂ ਰਾਜ ਭਵਨ ਤੱਕ ਰੋਸ ਮਾਰਚ ਕਰਨ ਜਾਂਦੇ ਕਾਂਗਰਸੀ ਵਰਕਰਾਂ ਨੂੰ ਚੰਡੀਗੜ੍ਹ ਪੁਲੀਸ ਨੇ ਰਾਹ ਵਿੱਚ ਰੋਕ ਲਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਪੁਲੀਸ ਵਿਚਕਾਰ ਕਾਫੀ ਸਮਾਂ ਖਿੱਚ-ਧੂਹ ਹੋਈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਸਣੇ ਕਈ ਕਾਂਗਰਸੀ ਆਗੂਆਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਥਾਣਾ ਸੈਕਟਰ-3 ਵਿੱਚ ਬੰਦ ਕੀਤਾ। ਕਾਂਗਰਸੀ ਵਰਕਰਾਂ ਨੇ ਥਾਣੇ ਵਿੱਚ ਹੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਦੇ ਸੰਵਿਧਾਨਕ ਹੱਕਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਉਂਦਿਆ ਨਾਅਰੇਬਾਜੀ ਕੀਤੀ। ਹਰਿਆਣਾ ਕਾਂਗਰਸ ਨੇ ਰੋਸ ਮਾਰਚ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਸ਼ੁਰੂ ਕੀਤਾ। ਜਿਸ ਵਿੱਚ ਹਰਿਆਣਾ ਕਾਂਗਰਸ ਦੇ ਇੰਚਾਰਜ ਵਿਵੇਕ ਬਾਂਸਲ ਅਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਹਿੱਸਾ ਲਿਆ। ਕਾਂਗਰਸੀ ਆਗੂਆਂ ਨੇ ਜਾਸੂਸੀ ਮਾਮਲੇ ਦੇ ਖ਼ਿਲਾਫ਼ ਸੈਕਟਰ-9 ਵਿੱਚ ਸਥਿਤ ਹਰਿਆਣਾ ਕਾਂਗਰਸ ਦੇ ਦਫ਼ਤਰ ਵਿੱਚ ਇਕੱਠੇ ਹੋ ਕੇ ਰਾਜਭਵਨ ਵੱਲ ਕੂਚ ਕੀਤਾ। ਜਿਨ੍ਹਾਂ ਨੂੰ ਪੁਲੀਸ ਨੇ ਕਰੋਨਾ ਮਹਾਮਾਰੀ ਅਤੇ ਧਾਰਾ 144 ਲੱਗੇ ਹੋਣ ਦਾ ਹਵਾਲਾ ਦਿੰਦਿਆ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਵਰਕਰ ਵਧਦੇ ਗਏ। ਚੰਡੀਗੜ੍ਹ ਪੁਲੀਸ ਨੇ ਰੋਸ ਮਾਰਚ ਨੂੰ ਰੋਕਣ ਲਈ ਹਰਿਆਣਾ ਕਾਂਗਰਸ ਦੇ ਦਫ਼ਤਰ ਤੋਂ ਕੁਝ ਦੁਰੀ ’ਤੇ ਹੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਸਣੇ ਹੋਰਨਾਂ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਥਾਣਾ ਸੈਕਟਰ-3 ਵਿੱਚ ਹਰਿਆਣਾ ਰਾਜਪਾਲ ਦੇ ਏਡੀਸੀ ਨੇ ਪਹੁੰਚ ਕੇ ਮੰਗ ਪੱਤਰ ਲਿਆ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਮੰਗ ਕੀਤੀ ਕਿ ਕੇਂਦਰ ਨੂੰ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਦਕਿ ਭਾਰਤੀ ਜਨਤਾ ਪਾਰਟੀ ਮਾਮਲਾ ਦਬਾਉਣ ਵਿੱਚ ਲੱਗੀ ਹੋਈ ਹੈ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੀ ਅਗਵਾਈ ਹੇਠ ਹੋਣੀ ਚਾਹੀਦੀ ਹੈ। ਦੇਸ਼ ਦੇ ਲੋਕਾਂ ਦੀ ਜਾਸੂਸੀ ਨੂੰ ਰੋਕਣ ਦੀ ਜਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਦੀ ਬਣਦੀ ਹੈ ਜੋ ਕਿ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਪਾਰਟੀ ਨੇ ਏਕ ਦਾ ਸਬੂਤ ਦਿੱਤਾ। ਰੋਸ ਮਾਰਚ ਵਿੱਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਧੜੇ ਦੇ ਸਾਰੇ ਆਗੂ ਹਾਜ਼ਰ ਰਹੇ। ਇਸ ਦੌਰਾਨ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਹਿੱਸਾ ਲਿਆ। ਪਰ ਭੁਪਿੰਦਰ ਸਿੰਘ ਹੁੱਡਾ ਆਪ ਗੈਰਹਾਜ਼ਰ ਰਹੇ।