ਮੁਕੇਸ਼ ਕੁਮਾਰ
ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਦੇ ਦਲ ਵਲੋਂ ਮੁੰਬਈ ਅਤੇ ਗੋਆ ਲਈ ਉਲੀਕੇ ਗਏ ਸਟੱਡੀ ਟੂਰ ਦੇ ਵਿਰੋਧ ਤੋਂ ਬਾਅਦ ਇਸ ਟੂਰ ਨੂੰ ਬਰੇਕਾਂ ਲੱਗ ਗਈਆਂ ਹਨ। ਇਹ ਮਾਮਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਇਹ ਸਟੱਡੀ ਟੂਰ ਮੁੰਬਈ ਅਤੇ ਗੋਆ ਦੀ ਥਾਂ ਇੰਦੌਰ ਅਤੇ ਨਾਗਪੁਰ ਸ਼ਹਿਰ ਲਿਜਾਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਨਿਗਮ ਦੇ ਮੁੰਬਈ ਅਤੇ ਗੋਆ ਸਟੱਡੀ ਟੂਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਮੇਤ ਸ਼ਹਿਰ ਦੀਆਂ ਹੋਰ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਇਹ ਟੂਰ ਸਿਰਫ ਫਜ਼ੂਲ ਖ਼ਰਚੀ ਹੈ। ਇਸ ਟੂਰ ’ਤੇ ਗਏ ਨਿਗਮ ਕੌਂਸਲਰਾਂ ਅਤੇ ਅਧਿਕਾਰੀਆਂ ਵਲੋਂ ਮੁੰਬਈ ਤੇ ਗੋਆ ਦੇ ਸਮੁੰਦਰੀ ਬੀਚ ਦੇ ਨਜ਼ਾਰਿਆਂ ਤੋਂ ਵੱਧ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਬਾਰੇ ਕੁੱਝ ਵੀ ਲਾਹੇਵੰਦ ਨਹੀਂ ਹੋਵੇਗਾ। ਸਵੱਛ ਸਰਵੇਖਣ ਦੀ ਰੈਂਕਿੰਗ ਵਿੱਚ ਚੰਡੀਗੜ੍ਹ ਦੇ ਲਗਾਤਾਰ ਪਛੜਨ ਤੋਂ ਬਾਅਦ ਪ੍ਰਸ਼ਾਸਨ ਸਮੇਤ ਨਗਰ ਨਿਗਮ ਨੇ ਸ਼ਹਿਰ ਦੀ ਰੈਂਕਿੰਗ ਸੁਧਾਰਨ ਲਈ ਇਹ ਟੂਰ ਮਿੱਥਿਆ ਸੀ। ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਇੱਕ ਚੁਣੌਤੀ ਬਣਿਆ ਹੋਈ ਹੈ। ਪਰ ਹੁਣ ਪ੍ਰਸ਼ਾਸਕ ਦੀ ਨਸੀਹਤ ਤੋਂ ਬਾਅਦ ਸ਼ਹਿਰ ਦੀ ਇਸ ਸਮੱਸਿਆ ਦੇ ਨਿਪਟਾਰੇ ਲਈ ਨਗਰ ਨਿਗਮ ਦੇ ਕੌਂਸਲਰਾਂ ਵਲੋਂ ਠੋਸ ਕੁੂੜੇ ਦੇ ਨਿਪਟਾਰੇ ਨੂੰ ਲੈ ਕੇ ਪਿਛਲੇ ਕਈਂ ਸਾਲਾਂ ਤੋਂ ਲਗਾਤਾਰ ਸਵੱਛ ਸਰਵੇਖਣ ਦੀ ਰੈਂਕਿੰਗ ਵਿੱਚ ਮੋਹਰੀ ਬਣੇ ਇੰਦੌਰ ਦਾ ਦੌਰਾ ਕੀਤਾ ਜਾਵੇਗਾ। ਇਸ ਬਾਰੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਸਰਬਜੀਤ ਕੌਰ ਅਤੇ ਨਿਗਮ ਕੌਂਸਲਰਾਂ ਨੂੰ ਕਿਹਾ ਹੈ ਕਿ ਉਹ ਮੁੰਬਈ ਅਤੇ ਗੋਆ ਦੇ ਥਾਂ ਇੰਦੌਰ ਅਤੇ ਨਾਗਪੁਰ ਸ਼ਹਿਰਾਂ ਦਾ ਦੌਰਾ ਕਰਨ ਅਤੇ ਉਥੇ ਸਵੱਛਤਾ ਅਤੇ ਠੋਸ ਕੁੂੜੇ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਲੈਣ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਨਾਗਪੁਰ ਅਤੇ ਇੰਦੌਰ ਕੂੜਾ ਪ੍ਰਬੰਧਨ ਸਬੰਧੀ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਟੱਡੀ ਟੂਰ ਦੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਪੇਸ਼ ਕੀਤੀ ਜਾਵੇ। ਪ੍ਰਸ਼ਾਸਕ ਨੇ ਕਿਹਾ ਕਿ ਕੌਂਸਲਰਾਂ ਨੂੰ ਨਾਗਪੁਰ ਸਥਿਤ ਨੈਸ਼ਨਲ ਅਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ ਦਾ ਵੀ ਦੌਰਾ ਕਰਨਾ ਚਾਹੀਦਾ ਹੈ। ਇਹ ਸੰਸਥਾ ਕੂੜਾ ਪ੍ਰਬੰਧਨ ਅਤੇ ਜਲ ਸਰੋਤਾਂ ਦੇ ਪੁਨਰ-ਸੁਰਜੀਤੀ ਦੇ ਖੇਤਰ ਵਿੱਚ ਮੋਹਰੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਕੌਂਸਲਰਾਂ ਦੇ ਇੱਕ ਦਲ ਨੇ ਮੁੰਬਈ ਅਤੇ ਗੋਆ ਸਟੱਡੀ ਟੂਰ ਦਾ ਪ੍ਰੋਗਰਾਮ ਮਿਥਿਆ ਗਿਆ ਸੀ। ਇਸ ਪ੍ਰੋਗਰਾਮ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸ਼ਹਿਰ ਵਿੱਚ ਵੀ ਕਈ ਜੱਥਬੰਦੀਆਂ ਵਲੋਂ ਇਸ ਤਰ੍ਹਾਂ ਦੇ ਟੂਰ ਨੂੰ ਫਜ਼ੂਲ ਖ਼ਰਚ ਦੱਸਿਆ ਜਾ ਰਿਹਾ ਸੀ। ਉਧਰ, ਸਟੱਡੀ ਟੂਰ ਦੇ ਪ੍ਰੋਗਰਾਮ ’ਚ ਬਦਲਾਅ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ। ਸਟੱਡੀ ਟੂਰ ਨੂੰ ਲੈ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਪ੍ਰੇਮ ਗਰਗ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਮੰਗ ਕੀਤੀ ਕਿ ਹਰੇਕ ਪਾਰਟੀ ਤੋਂ ਦੋ-ਦੋ ਕੌਂਸਲਰ ਚੁਣੇ ਜਾਣ। ਪ੍ਰੇਮ ਗਰਗ ਨੇ ਕਿਹਾ ਕਿ ਸਟੱਡੀ ਟੂਰ ਦਾ ਮਤਲਬ ਘੁੰਮਣਾ ਨਹੀਂ ਸਗੋਂ ਸ਼ਹਿਰ ਦੇ ਵਿਕਾਸ ਲਈ ਕੁਝ ਸਿੱਖਣਾ ਹੈ। ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਉਹ ਪਹਿਲਾਂ ਹੀ ਨਾਗਪੁਰ, ਇੰਦੌਰ, ਚੇਨਈ ਲਈ ਸਟੱਡੀ ਟੂਰ ਦਾ ਸੁਝਾਅ ਦੇ ਰਹੇ ਸਨ। ਇਸ ਦੌਰੇ ਸਬੰਧੀ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਜਲਦੀ ਹੀ ਮੀਟਿੰਗ ਕਰਕੇ ਸਟੱਡੀ ਟੂਰ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਵਿੱਚ ਟੂਰ ਦਾ ਸਮਾਂ, ਕੌਂਸਲਰਾਂ ਅਤੇ ਅਧਿਕਾਰੀਆਂ ਦੀ ਗਿਣਤੀ ਬਾਰੇ ਚਰਚਾ ਹੋਵੇਗੀ। ਇਸ ਤੋਂ ਬਾਅਦ ਟਿਕਟਾਂ ਤੇ ਹੋਰ ਪ੍ਰਬੰਧਾਂ ਬਾਰੇ ਫੈਸਲਾ ਲਿਆ ਜਾਵੇਗਾ।