ਹਰਜੀਤ ਸਿੰਘ
ਜ਼ੀਰਕਪੁਰ, 13 ਅਕਤੂਬਰ
ਇਥੋਂ ਦੇ ਢਕੋਲੀ ਖੇਤਰ ਵਿੱਚ ਲੰਘੀ ਦੇਰ ਰਾਤ ਚੋਰ ਇਕ ਦੁਕਾਨਦਾਰ ਦੀ ਇਨੋਵਾ ਗੱਡੀ ਦਾ ਸ਼ੀਸ਼ਾ ਤੋੜ ਕੇ ਚਾਰ ਲੱਖ ਰੁਪਏ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਢਕੋਲੀ ਪਾਈਨ ਹੋਮ ਦੇ ਨੇੜੇ ਬ੍ਰਿਜਵਾਸੀ ਸਵੀਟਸ ਦੇ ਨਾਂ ਹੇਠ ਹਲਵਾਈ ਦੀ ਦੁਕਾਨ ਦੇ ਮਾਲਕ ਵਿਕਾਸ ਅਗਰਵਾਲ ਵਾਸੀ ਗੁਰੂ ਨਾਨਕ ਐਨਕਲੇਵ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਕੰਮ ਕਰਦੇ ਤਿੰਨ ਕਰਿੰਦੇ ਸ਼ੱਕੀ ਡੇਂਗੂ ਤੋਂ ਪੀੜਤ ਹਨ। ਉਨ੍ਹਾਂ ਨੂੰ ਪੰਚਕੂਲਾ ਹੱਦ ਦੇ ਨੇੜੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੰਘੀ ਰਾਤ ਤਕਰੀਬਨ ਪੌਣੇ ਦਸ ਵਜੇ ਉਹ ਆਪਣੀ ਦੁਕਾਨ ਨੂੰ ਬੰਦ ਕਰ ਕੇ ਇਨੋਵਾ ਗੱਡੀ ਵਿੱਚ ਉਨ੍ਹਾਂ ਦਾ ਪਤਾ ਲੈਣ ਲਈ ਹਸਪਤਾਲ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਉਸ ਦੀ ਗੱਡੀ ਵਿੱਚ ਚਾਰ ਲੱਖ ਰੁਪਏ ਦੀ ਨਕਦੀ ਸੀ ਜੋ ਉਸ ਨੇ ਇਕ ਬੈਗ ਵਿੱਚ ਪਾਈ ਹੋਈ ਸੀ ਜਿਸ ਨੂੰ ਉਹ ਗੱਡੀ ਵਿੱਚ ਛੱਡ ਕੇ ਹਸਪਤਾਲ ਚਲਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਗੱਡੀ ਨੂੰ ਲੌਕ ਕਰ ਗਿਆ ਸੀ ਪਰ ਦਸ ਮਿੰਟ ਬਾਅਦ ਅਚਾਨਕ ਉਸ ਦੀ ਗੱਡੀ ਦਾ ਸਾਇਰਨ ਵਜਣ ਲੱਗ ਗਿਆ। ਸਾਇਰਨ ਦੀ ਆਵਾਜ਼ ਸੁਣ ਕੇ ਜਦ ਉਹ ਹਸਪਤਾਲ ਤੋਂ ਬਾਹਰ ਆਇਆ ਤਾਂ ਉਸ ਦੀ ਕਾਰ ਦਾ ਕੰਡਕਟਰ ਸਾਈਡ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਨਕਦੀ ਵਾਲਾ ਬੈਗ ਗਾਇਬ ਸੀ।