ਪੱਤਰ ਪ੍ਰੇਰਕ
ਕੁਰਾਲੀ, 8 ਜੁਲਾਈ
ਪਿੰਡ ਥਾਣਾ ਗੋਬਿੰਦਗੜ੍ਹ ਦੇ ਇੱਕ ਪਰਿਵਾਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਤੇ ਮਹਿਲਾ ਦਾ ਸਹੀ ਇਲਾਜ ਨਾ ਕਰਨ ਅਤੇ ਹੱਥ ਵੱਢਣ ਦੀ ਨੌਬਤ ਆਉਣ ਕਾਰਨ ਹੰਗਾਮਾ ਕੀਤਾ। ਪਰਿਵਾਰ ਨੇ ਸਿਹਤ ਵਿਭਾਗ ਅਤੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ ਜਦਕਿ ਡਾਕਟਰ ਹਸਪਤਾਲ ਤੋਂ ਗਾਇਬ ਹੋ ਗਿਆ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਥਾਣਾ ਗੋਬਿੰਦਗੜ੍ਹ ਦੀ ਸੁਨੀਤਾ ਦੇਵੀ ਦੇ ਹੱਥ ’ਤੇ ਛਾਲਾ ਹੋਣ ਕਾਰਨ ਉਸ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਇਸੇ ਦੌਰਾਨ ਹਸਪਤਾਲ ਦੇ ਡਾਕਟਰਾਂ ਨੇ ਅਪਰੇਸ਼ਨ ਕਰਨ ਬਾਰੇ ਕਹਿ ਕੇ ਦਸ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਮਹਿਲਾ ਦੇ ਪਰਿਵਾਰਿਕ ਮੈਂਬਰਾਂ ਕੁਲਦੀਪ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਸੁਨੀਤਾ ਦਾ ਅਪਰੇਸ਼ਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਪਰੇਸ਼ਨ ਤੋਂ ਬਾਅਦ ਵੀ ਡਾਕਟਰ ਵਾਰ-ਵਾਰ ਕਦੇ ਪੰਜ ਹਜ਼ਾਰ ਤੇ ਬਾਰਾਂ ਹਜ਼ਾਰ ਇਲਾਜ ਲਈ ਜਮ੍ਹਾਂ ਕਰਵਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਹੱਥ ਨੀਲਾ ਹੋਣਾ ਸ਼ੁਰੂ ਹੋ ਗਿਆ ਅਤੇ ਹਾਲਤ ਨੂੰ ਦੇਖਦਿਆਂ ਵੀਰਵਾਰ ਸ਼ਾਮ ਨੂੰ ਡਾਕਟਰਾਂ ਨੇ ਹੱਥ ਖੜ੍ਹੇ ਕਰਦਿਆਂ ਸੁਨੀਤਾ ਨੂੰ ਪੀਜੀਆਈ ਜਾਣ ਲਈ ਕਹਿ ਦਿੱਤਾ। ਮੱਖਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੀਜੀਆਈ ਗਏ ਤਾਂ ਪੀਜੀਆਈ ਦੇ ਡਾਕਟਰਾਂ ਨੇ ਹੱਥ ਦੀ ਹਾਲਤ ਦੇਖਦਿਆਂ ਕਿਹਾ ਕਿ ਕਿ ਉਸ ਦੇ ਹੱਥ ਦਾ ਅਪਰੇਸ਼ਨ ਗਲਤ ਕੀਤਾ ਗਿਆ ਹੈ ਅਤੇ ਹੁਣ ਇਸ ਦਾ ਇਲਾਜ ਕੇਵਲ ਹੱਥ ਕੱਟਣਾ ਹੀ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੜ ਅਪਰੇਸ਼ਨ ਕਰਨ ਵਾਲੇ ਹਸਪਤਾਲ ਜਾਣ ਲਈ ਕਿਹਾ। ਪਰ ਅੱਜ ਜਦੋਂ ਮੁੜ ਕੁਰਾਲੀ ਦੇ ਉਕਤ ਪ੍ਰਾਈਵੇਟ ਹਸਪਤਾਲ ਆਏ ਤਾਂ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਵੱਲ ਵਧੇਰੇ ਤਵੱਜੋ ਨਹੀਂ ਦਿੱਤੀ ਸਗੋਂ ਟਾਲ ਮਟੋਲ ਹੀ ਕਰਦੇ ਰਹੇ। ਮਾਮਲੇ ਨੂੰ ਉਲਝਦਿਆਂ ਦੇਖ ਕੇ ਡਾਕਟਰ ਹਸਪਤਾਲ ਛੱਡ ਕੇ ਗਾਇਬ ਹੋ ਗਿਆ ਅਤੇ ਆਪਣਾ ਫੋਨ ਵੀ ਬੰਦ ਕਰ ਲਿਆ। ਰੋਹ ਵਿੱਚ ਆਏ ਸੁਨੀਤਾ ਦੇ ਪਰਿਵਾਰ ਨੇ ਹੰਗਾਮਾ ਕੀਤਾ ਅਤੇ ਕੋਈ ਚਾਰਾ ਨਾ ਚੱਲਦਾ ਦੇਖ ਉਹ ਆਖਰ ਸੁਨੀਤਾ ਦੀ ਹਾਲਤ ਨੂੰ ਦੇਖਦਿਆਂ ਮੁੜ ਪੀਜੀਆਈ ਲੈ ਗਏ। ਇਸ ਮਸਲੇ ਨੂੰ ਲੈ ਕੇ ਹੀ ਸੁਨੀਤਾ ਦੇ ਪਰਿਵਾਰ ਨੇ ਸਥਾਨਕ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸੇ ਸਬੰਧ ਵਿੱਚ ਤਾਇਨਾਤ ਪੈਰਾ ਮੈਡੀਕਲ ਸਟਾਫ਼ ਨੇ ਗੱਲਬਾਤ ਕਰਨ ਤੋਂ ਮੁਨਕਰ ਹੁੰਦਿਆਂ ਕਿਹਾ ਕਿ ਡਾਕਟਰ ਸਾਹਿਬ ਕਿਸੇ ਐਮਰਜੈਂਸੀ ਕਾਰਨ ਬਾਹਰ ਗਏ ਹੋਏ ਹਨ। ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰਨ ਲਈ ਵਾਰ ਵਾਰ ਫੋਨ ਕੀਤਾ ਗਿਆ ਡਾਕਟਰਾਂ ਨੇ ਫੋਨ ਨਹੀਂ ਚੁੱਕਿਆ। ਸਥਾਨਕ ਥਾਣਾ ਸਿਟੀ ਦੀ ਐੱਸਐੱਚਓ ਸੁਖਦੀਪ ਕੌਰ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।