ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਚੰਡੀਗੜ੍ਹ ਦੇ ਵਿਦਿਆਰਥੀ ਤੇ ਸਾਲ 1988 ਬੈੱਚ ਦੇ ਆਈਏਐੱਸ ਅਧਿਕਾਰੀ ਧਰਮਪਾਲ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ। ਉਨ੍ਹਾਂ ਦੇ ਨਾਂ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੋਹਰ ਲਗਾ ਦਿੱਤੀ ਹੈ। ਉਹ ਜਲਦ ਹੀ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਅਹੁਦਾ ਸਾਂਭਣਗੇ। ਇਸ ਤੋਂ ਪਹਿਲਾਂ ਆਈਏਐੱਸ ਧਰਮਪਾਲ ਭਾਰਤ ਸਰਕਾਰ ਦੇ ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰਾਲੇ ਵਿੱਚ ਵਧੀਕ ਸਕੱਤਰ ਦੇ ਅਹੁਦੇ ’ਤੇ ਸੇਵਾਵਾਂ ਨਿਭਾਅ ਰਹੇ ਸਨ। ਆਈਏਐੱਸ ਧਰਮਪਾਲ ਨੂੰ 14 ਜੂਨ 2021 ਨੂੰ ਏਜੀਐੱਮਯੂਟੀ ਕੇਡਰ ਦਿੱਤਾ ਗਿਆ ਹੈ।
ਯੂਟੀ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪਹਿਲੀ ਡਿਊਟੀ ਕਰੋਨਾ ਦੇ ਪਸਾਰ ਨੂੰ ਚੰਡੀਗੜ੍ਹ ਸ਼ਹਿਰ ਵਿੱਚ ਰੋਕਣਾ ਹੋਵੇਗਾ। ਇਸ ਤੋਂ ਬਾਅਦ ਸ਼ਹਿਰ ਵਿੱਚ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਸੁਧਾਰ ਲਈ ਕਾਰਜ ਕੀਤੇ ਜਾਣਗੇ। ਦੱਸਣਯੋਗ ਹੈ ਕਿ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਮਨੋਜ ਪਰੀਦਾ ਦਾ ਕਾਰਜਕਾਲ ਦਸੰਬਰ 2021 ਵਿੱਚ ਖਤਮ ਹੋਣਾ ਸੀ। ਪਰ ਕੇਂਦਰ ਸਰਕਾਰ ਵੱਲੋਂ ਪ੍ਰਮੋਟ ਕਰਕੇ 6 ਮਹੀਨੇ ਪਹਿਲਾਂ ਹੀ ਤਬਾਦਲਾ ਕਰ ਦਿੱਤਾ। ਹੁਣ ਉਹ ਭਾਰਤ ਸਰਕਾਰ ਵਿੱਚ ਸਕੱਤਰ ਵਜੋਂ ਤਾਇਨਾਤ ਕੀਤਾ ਹੈ।