ਪੀ.ਪੀ. ਵਰਮਾ
ਪੰਚਕੂਲਾ, 6 ਜੂਨ
ਪੰਚਕੂਲਾ ਪੁਲੀਸ ਦੇ ਸਹਾਇਕ ਪੁਲੀਸ ਕਮਿਸ਼ਨਰ (ਕ੍ਰਾਈਮ) ਅਮਨ ਕੁਮਾਰ ਦੀ ਅਗਵਾਈ ਹੇਠ ਅਪਰਾਧ ਸ਼ਾਖਾ ਸੈਕਟਰ-19 ਦੇ ਇੰਸਪੈਕਟਰ ਨਿਰਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਨਾਮੀ ਮੁਲਜ਼ਮ ਅਵਿਨਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਗ੍ਰਿਫ਼ਤਾਰੀ ਤੋਂ ਬਚਣ ਲਈ ਭੱਜਣ ਦੀ ਫਿਰਾਕ ਵਿੱਚ ਸੀ। ਉਸ ਨੂੰ ਫੜਨ ਲਈ ਪੰਚਕੂਲਾ ਪੁਲੀਸ ਨੇ 5000 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਮੁਲਜ਼ਮ ਖ਼ਿਲਾਫ਼ ਕਾਫੀ ਕੇਸ ਦਰਜ ਸਨ। ਡੀਸੀਪੀ ਪੰਚਕੂਲਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਭਿਆਸ ਉਰਫ਼ ਅਵਿਨਾਸ਼ ਨੂੰ ਫੜਨ ਲਈ ਪੰਚਕੂਲਾ ਪੁਲੀਸ ਵੱਲੋਂ 5000 ਰੁਪਏ ਦਾ ਇਨਾਮ ਰੱਖਿਆ ਗਿਆ ਸੀ ਅਤੇ ਮੁਲਜ਼ਮ ਸਥਾਨਕ ਸੈਕਟਰ 17 ਰਾਜੀਵ ਕਲੋਨੀ ਅਤੇ ਬੁੱਢਨਪੁਰ ਸੈਕਟਰ 16 ਵਿੱਚ ਅਕਸਰ ਲੜਾਈ-ਝਗੜੇ ਕਰਦਾ ਰਹਿੰਦਾ ਸੀ।
ਮੁਲਜ਼ਮ ਪੰਚਕੂਲਾ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਉਸ ਖ਼ਿਲਾਫ਼ ਲੜਾਈ-ਝਗੜੇ, ਕਾਤਲਾਨਾ ਹਮਲਾ ਆਦਿ ਦੇ ਦੋਸ਼ ਹੇਠ ਪੰਜ ਕੇਸ ਦਰਜ ਹਨ। ਮੁਲਜ਼ਮ ਨੂੰ 3 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਹੋਇਆ ਹੈ।