ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਮਾਰਚ
ਇਤਿਹਾਸ ਦੀ ਵਿਵਾਦਤ ਕਿਤਾਬ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਕੂਲ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 42ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਕਿਸਾਨ ਜਥੇਬੰਦੀ ਦੇ ਆਗੂ ਸ਼ਿਵ ਕੁਮਾਰ ਕਾਕਾ, ਰਾਜਸਥਾਨ ਤੋਂ ਇੰਦਰਜੀਤ ਸਿੰਘ, ਸੀਮਾ ਰਾਣੀ ਤੇ ਮਹਿੰਦਰਪਾਲ ਸਿੰਘ, ਹਰਿਆਣਾ ਤੋਂ ਕਾ. ਇੰਦਰਜੀਤ ਸਿੰਘ, ਅਮਰਜੀਤ ਸਿੰਘ ਮੋਹਰੀ, ਜਰਨੈਲ ਸਿੰਘ ਰੱਤੀਆ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਸਿਰਸਾ, ਗੁਰਲਾਲ ਸਿੰਘ ਭੰਗੂ, ਦਿੱਲੀ ਤੋਂ ਮਨੂ ਕੌਸ਼ਿਕ, ਪੰਜਾਬ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨਪਾਲ, ਬਲਦੇਵ ਸਿੰਘ ਜ਼ੀਰਾ, ਹਰਿੰਦਰ ਸਿੰਘ ਲੱਖੋਵਾਲ ਅਤੇ ਸੰਤ ਸਿਪਾਹੀ ਸੇਵਾ ਲਹਿਰ ਕਰਨਾਲ ਦੇ ਆਗੂ ਧਰਨੇ ’ਤੇ ਬੈਠੇ।
ਇਸ ਮੌਕੇ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਲਕੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ ਅੰਦਰ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਦੇ ਬਾਹਰ ਦਿੱਤੇ ਜਾਣ ਵਾਲੇ ਧਰਨਿਆਂ ਉੱਤੇ ਵਿਵਾਦਿਤ ਕਿਤਾਬ ਦਾ ਮੁੱਦਾ ਵੀ ਗੂੰਜੇਗਾ ਅਤੇ 25 ਮਾਰਚ ਨੂੰ ਰਾਜਪਾਲਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਵਿੱਚ ਵੀ ਵਿਵਾਦਿਤ ਕਿਤਾਬ ਬਾਰੇ ਮੱਦ ਏਜੰਡੇ ਵਿੱਚ ਸ਼ਾਮਲ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕਸੂਰਵਾਰ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਕੇ ਪੰਜਾਬ ਅਤੇ ਦੇਸ਼ ਵਿੱਚ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾਵੇ। ਅੱਜ ਪਿੰਡ ਪੱਤੋਂ ਦੀ ਸੰਗਤ ਵੱਲੋਂ ਧਰਨਾਕਾਰੀਆਂ ਲਈ ਲੰਗਰ ਦੀ ਸੇਵਾ ਕੀਤੀ ਗਈ।
‘ਆਪ’ ਵਿਧਾਇਕ ਤਰਨਦੀਪ ਸੌਂਦ ਨੇ ਸੰਘਰਸ਼ਸ਼ੀਲ ਆਗੂਆਂ ਨਾਲ ਗੱਲ ਕੀਤੀ
ਖੰਨਾ ਤੋਂ ‘ਆਪ’ ਵਿਧਾਇਕ ਤਰਨਦੀਪ ਸਿੰਘ ਸੌਂਦ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ਸ਼ੀਲ ਆਗੂਆਂ ਨਾਲ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਇਹ ਮਾਮਲਾ ਵਿਧਾਨ ਸਭਾ ਚੁੱਕਿਆ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ‘ਆਪ’ ਵਿਧਾਇਕ ਭਲਕੇ 21 ਮਾਰਚ ਨੂੰ ਵੀ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਸਿੱਖ ਆਗੂਆਂ ਕੋਲੋਂ ਮੁੱਖ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਹਾਸਲ ਕਰਨਗੇ। ਇਸ ਮੌਕੇ ਪੰਜ ਪਿਆਰਿਆਂ ’ਚੋਂ ਸਤਨਾਮ ਸਿੰਘ ਖੰਡਾ ਵੀ ਮੌਜੂਦ ਸਨ।