ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਚੰਡੀਗੜ੍ਹ ਦੇ ਵਿਕਾਸ ਨਗਰ ਵਿੱਚ ਸਥਿਤ ਕਮਿਊਨਿਟੀ ਸੈਂਟਰ ਦੀ ਦੁੱਗਣੀ ਫ਼ੀਸ ਵਸੂਲਣ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਕਾਂਗਰਸ ਦੇ ਕਲੋਨੀ ਸੈੱਲ ਵੱਲੋਂ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜ ਬਾਲਾ ਮਲਿਕ ਅਤੇ ਕੌਂਸਲਰ ਅਨਿਲ ਦੂਬੇ ਦਾ ਪੁਤਲਾ ਸਾੜਿਆ ਗਿਆ। ਕਾਂਗਰਸ ਕਲੋਨੀ ਸੈੱਲ ਦੇ ਚੇਅਰਮੈਨ ਮੁਕੇਸ਼ ਰਾਏ ਨੇ ਕਿਹਾ ਕਿ ਚੰਡੀਗੜ੍ਹ ਦੇ ਵਿਕਾਸ ਨਗਰ ਦੇ ਕਮਿਊਨਿਟੀ ਸੈਂਟਰ ਦੀ ਫ਼ੀਸ ਪਹਿਲਾਂ ਨਾਲੋਂ ਦੁੱਗਣੀ ਵਸੂਲੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਪਹਿਲਾਂ ਇਹ ਫੀਸ 10 ਹਜ਼ਾਰ ਰੁਪਏ ਸੀ ਅਤੇ ਹੁਣ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਊਨ੍ਹਾਂ ਨੇ ਰੋਸ ਜਤਾਊਂਦੇ ਹੋਏ ਕਿਹਾ ਕਿ ਭਾਜਪਾ ਗਰੀਬਾਂ ਦੀ ਨਹੀਂ ਸਮੇਂ ਅਮੀਰਾਂ ਦੀ ਸਰਕਾਰ ਹੈ। ਸਰਕਾਰ ਵੱਲੋਂ ਗਰੀਬਾਂ ਅਤੇ ਮੱਧਮ ਵਰਗ ਦੇ ਹਿੱਤਾਂ ਵਿੱਚ ਫ਼ੈਸਲੇ ਲੈਣ ਦੀ ਥਾਂ ਉਨ੍ਹਾਂ ਦੀਆਂ ਜੇਬਾਂ ’ਤੇ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਪਹਿਲਾਂ ਚੰਡੀਗੜ੍ਹ ਵਿੱਚ ਬਿਜਲੀ ਅਤੇ ਪਾਣੀ ਦੇ ਰੇਟ ਵਧਾਏ ਸਨ ਤੇ ਹੁਣ ਵਿਕਾਸ ਨਗਰ ਦੇ ਕਮਿਊਨਿਟੀ ਸੈਂਟਰ ਦੀ ਫ਼ੀਸ ਨੂੰ ਵੀ ਦੁਗਣੀ ਕਰ ਦਿੱਤੀ ਗਈ ਹੈ। ਊਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਕਮਿਊਨਿਟੀ ਸੈਂਟਰ ਲਈ ਦੁਗਣੀ ਫੀਸ ਵਸੂਲਣੀ ਬੰਦ ਕੀਤੀ ਜਾਵੇ।
ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਜਨਰਲ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ, ਵਾਰਡ ਨੰਬਰ-24 ਦੇ ਬਲਾਕ ਪ੍ਰਧਾਨ ਲੇਖਪਾਲ, ਪੰਚਕੂਲਾ ਯੂਥ ਕਾਂਗਰਸ ਦੇ ਪ੍ਰਧਾਨ ਮੁਕੇਸ਼ ਸਿਰਸਵਾਲ, ਨੇਤ ਰਾਮ ਰਾਣਾ, ਕਮਲ, ਰੇਖਾ ਰਾਜਪੂਤ, ਕੈਲਾਸ਼ ਪਾਲ, ਸੁਨੀਲ ਤਿਵਾੜੀ, ਅਨਿਕੇਤ ਤੇ ਵਿਨੋਦ ਯਾਦਵ ਹਾਜ਼ਰ ਸਨ।