ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਸਤੰਬਰ
ਸਿਟੀ ਬਿਊਟੀਫੁੱਲ ਨੂੰ ‘ਸਵੱਛਤਾ ਲੀਗ’ ਵਿੱਚ ਦੇਸ਼ ਦੇ ਸਿਖਰਲੇ ਦਸ ਸ਼ਹਿਰਾਂ ਵਿੱਚ ਚੁਣਿਆ ਗਿਆ ਹੈ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ 30 ਸਤੰਬਰ ਨੂੰ ਨਗਰ ਨਿਗਮ ਚੰਡੀਗੜ੍ਹ ਨੂੰ ਇਸ ਪ੍ਰਾਪਤੀ ਲਈ ਦਿੱਲੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਮੇਅਰ ਸਰਬਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਇਹ ਐਵਾਰਡ ਲੈਣ ਲਈ ਦਿੱਲੀ ਜਾਵੇਗੀ। ਦੱਸਣਯੋਗ ਹੈ ਕਿ ਮੰਤਰਾਲੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਦੇਸ਼ ਭਰ ’ਚ ਸਵੱਛਤਾ ਲੀਗ ਮੁਕਾਬਲੇ ਕਰਵਾਏ ਗਏ ਸਨ ਜਿਸ ’ਚ ਦੇਸ਼ ਦੇ 1850 ਸ਼ਹਿਰਾਂ ਨੇ ਹਿੱਸਾ ਲਿਆ ਸੀ।
ਹਰ ਸ਼ਹਿਰ ਨੂੰ ਆਪਣੀ ਟੀਮ ਬਣਾਉਣੀ ਸੀ ਅਤੇ ਕਪਤਾਨ ਨਿਯੁਕਤ ਕਰਨਾ ਸੀ। ਨਗਰ ਨਿਗਮ ਨੇ ਚੰਡੀਗੜ੍ਹ ਚੈਲੇਂਜਰਜ਼ ਦੇ ਨਾਂ ਦੀ ਟੀਮ ਬਣਾ ਕੇ ਇਸ ਦੀ ਕਮਾਨ ਨਿਗਮ ਦੇ ਜੁਆਇੰਟ ਕਮਿਸ਼ਨਰ ਰੋਹਿਤ ਕੁਮਾਰ ਨੂੰ ਸੌਂਪੀ ਸੀ। ਟੀਮ ਨੇ ਸ਼ਹਿਰ ਦੇ ਦੋ ਹਜ਼ਾਰ ਐੱਨਐੱਸਐੱਸ ਕੈਡਿਟਾਂ ਅਤੇ ਹੋਰ ਸੰਸਥਾਵਾਂ ਦੇ ਵਾਲੰਟੀਅਰਾਂ ਨਾਲ ਮਿਲ ਕੇ ਸੈਕਟਰ-16 ਦੇ ਰੋਜ਼ ਗਾਰਡਨ ਵਿੱਚ ਮਨੁੱਖੀ ਚੇਨ ਬਣਾਈ ਸੀ ਤੇ ਲਾਲ, ਹਰੇ, ਨੀਲੇ ਅਤੇ ਕਾਲੇ ਰੰਗ ਦੇ ਕੂੜੇਦਾਨ ਬਣਾ ਕੇ ਨਾਗਰਿਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦਾ ਸੁਨੇਹਾ ਦਿੱਤਾ ਸੀ। ਇਸ ਵਾਰ ਸਫ਼ਾਈ ਮੁਹਿੰਮ ਵਿੱਚ ਵੀ ਚੰਡੀਗੜ੍ਹ ਸ਼ਹਿਰ ਨੂੰ ਵਧੀਆ ਰੈੰਕਿੰਗ ਮਿਲਣ ਦੀ ਉਮੀਦ ਹੈ। ਮੰਤਰਾਲੇ ਵੱਲੋਂ ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ ਅਤੇ ਕਮਿਸ਼ਨਰ ਆਨੰਦਿਤਾ ਮਿੱਤਰਾ ਸਮੇਤ 10 ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਪਿਛਲੇ ਸਵੱਛ ਸਰਵੇਖਣ ਦੌਰਾਨ ਦੇਸ਼ ਭਰ ਵਿੱਚ 66ਵੇਂ ਸਥਾਨ ’ਤੇ ਪਹੁੰਚ ਗਿਆ ਸੀ।