ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਅਪਰੈਲ
ਯੂਟੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਨਤੀਜੇ ਸੁਧਾਰਨ ਲਈ ਸਕੂਲ ਮੁਖੀਆਂ ਨੂੰ ਪੱਤਰ ਲਿਖਿਆ ਗਿਆ ਹੈ। ਵਿਭਾਗ ਨੇ ਸਕੂਲ ਮੁਖੀਆਂ ਕੋਲੋਂ ਸੁਝਾਅ ਮੰਗੇ ਹਨ ਕਿ ਕਿਸ ਤਰ੍ਹਾਂ ਪੜ੍ਹਾਈ ਦਾ ਪੱਧਰ ਬਿਹਤਰ ਬਣਾਇਆ ਜਾਵੇ। ਇਹ ਵੇਰਵੇ 25 ਅਪਰੈਲ ਤੱਕ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਨੇ ਸਕੂਲਾਂ ਦੇ ਪੁਰਾਣੇ ਵਿਦਿਆਰਥੀਆਂ ਦੇ ਨਾਲ-ਨਾਲ ਇਸ ਸੈਸ਼ਨ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਦੇ ਵੇਰਵੇ ਵਹ ਮੰਗੇ ਹਨ। ਸਿੱਖਿਆ ਦੇ ਅਧਿਕਾਰ ਐਕਟ ਤਹਿਤ ਅੱਠਵੀਂ ਜਮਾਤ ਤੱਕ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਜਾਂਦਾ ਹੈ ਜਿਸ ਕਾਰਨ ਨੌਵੀਂ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਨਤੀਜੇ ਵਧੀਆ ਨਹੀਂ ਆਉਂਦੇ। ਇਨ੍ਹਾਂ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਵਿਭਾਗ ਨੇ ਇਸ ਸੈਸ਼ਨ ਦੇ ਸ਼ੁਰੂ ਵਿੱਚ ਹੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇੱਥੋਂ ਦੇ ਇਕ ਸਰਕਾਰੀ ਸਕੂਲ ਦੇ ਮੁਖੀ ਨੇ ਦੱਸਿਆ ਕਿ ਸਕੂਲ ਮੁਖੀਆਂ ਕੋਲੋਂ ਪੁੱਛਿਆ ਗਿਆ ਹੈ ਕਿ ਕਿਹੜੇ-ਕਿਹੜੇ ਵਿਸ਼ਿਆਂ ਦੇ ਨਤੀਜਿਆਂ ਵਿੱਚ ਜ਼ਿਆਦਾ ਨਿਘਾਰ ਆਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜਿਸ ਸਕੂਲ ਵਿੱਚ ਕਿਸੇ ਖਾਸ ਵਿਸ਼ੇ ਦੇ ਨਤੀਜੇ ਵਧੀਆ ਨਹੀਂ ਆਉਂਦੇ, ਉਸ ਸਕੂਲ ਵਿੱਚ ਤਾਇਨਾਤ ਉਸ ਵਿਸ਼ੇ ਦੇ ਅਧਿਆਪਕਾਂ ਦੀ ਗਿਣਤੀ ਵੀ ਮੰਗੀ ਗਈ ਹੈ। ਇਹ ਵੀ ਪੁੱਛਿਆ ਗਿਆ ਹੈ ਕਿ ਕੀ ਉਸ ਸਕੂਲ ’ਚ ਉਸ ਖਾਸ ਵਿਸ਼ੇ ਦੇ ਹੋਰ ਕਿੰਨੇ ਅਧਿਆਪਕ ਲੋੜੀਂਦੇ ਹਨ।
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਵੇਰਵੇ ਅਤੇ ਐਕਸ਼ਨ ਪਲਾਨ 25 ਅਪਰੈਲ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੀਆਂ ਵਿਸ਼ੇਸ਼ ਕਲਾਸਾਂ ਲਾਈਆਂ ਜਾਣਗੀਆਂ।