ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੁਲਾਈ
ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੂਬੇ ਭਰ ਵਿੱਚ ਅੱਜ ਤੋਂ ਦੋ ਦਿਨਾਂ ਹੜਤਾਲ ਆਰੰਭ ਕਰ ਦਿੱਤੀ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਨੇ ਦੱਸਿਆ ਕਿ ਅੱਜ ਰਾਜ ਭਰ ਵਿੱਚ ਆਸ਼ਾ ਵਰਕਰਾਂ ਨੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ 6 ਜੁਲਾਈ ਨੂੰ ਸਾਰੇ ਪੰਜਾਬ ਵਿੱਚ ਬਲਾਕ ਪੱਧਰ ਉੱਤੇ ਆਸ਼ਾ ਵਰਕਰਾਂ ਕਾਲੀਆਂ ਚੁੰਨੀਆਂ ਲੈ ਕੇ ਰੋਸ ਮੁਜ਼ਾਹਰੇ ਕਰਨਗੀਆਂ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਇਸੇ ਦੌਰਾਨ ਅੱਜ ਮੁੱਢਲਾ ਸਿਹਤ ਕਾਲੋਮਾਜਰਾ ਵਿੱਚ ਬਲਾਕ ਪ੍ਰਧਾਨ ਕਰਮਜੀਤ ਕੌਰ, ਮੀਤ ਪ੍ਰਧਾਨ ਪੂਨਮਜੀਤ ਕੌਰ ਮਹਿਮਾ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਨੇ ਧਰਨਾ ਦਿੱਤਾ। ਇਸ ਮੌਕੇ ਰੇਣੂ, ਹਰਦੀਪ ਕੌਰ, ਅਮਰਜੀਤ ਕੌਰ, ਬਲਬੀਰ ਕੌਰ, ਜਸਵੀਰ ਕੌਰ, ਗੀਤਾ, ਚਰਨਜੀਤ ਕੌਰ ਭੋਗਲਾਂ ਆਦਿ ਨੇ ਬੋਲਦਿਆਂ ਸਰਕਾਰ ਉੱਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਗਰਾਊਂਡ ਪੱਧਰ ਉੱਤੇ ਸਾਰਾ ਕੰਮ ਆਸ਼ਾ ਵਰਕਰਾਂ ਵੱਲੋਂ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਹਰਿਆਣਾ ਪੈਟਰਨ ਉੱਤੇ ਭੱਤੇ ਦੇਣ, ਫੈਸਿਲੀਟੇਟਰਾਂ ਨੂੰ 4000 ਉੱਕਾ-ਪੁੱਕਾ ਅਤੇ ਪੰਜ ਸੌ ਰੁਪਏ ਪ੍ਰਤੀ ਟੂਰ ਦੇਣ ਅਤੇ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਪੰਦਰਾਂ ਹਜ਼ਾਰ ਮਹੀਨਾ ਦੇਣ ਅਤੇ ਪੱਕਾ ਕਰਨ ਦੀ ਮੰਗ ਕੀਤੀ। ਸੀਐੱਚਸੀ ਬਨੂੜ ਅਧੀਨ ਪੈਂਦੇ 25 ਪਿੰਡਾਂ ਦੀਆਂ ਆਸ਼ਾ ਵਰਕਰਾਂ ਵੱਲੋਂ ਵੀ ਪੂਰਨ ਹੜਤਾਲ ਕੀਤੇ ਜਾਣ ਦਾ ਸਥਾਨਕ ਆਗੂ ਰੁਪਿੰਦਰ ਕੌਰ ਮੁਠਿਆੜਾਂ ਨੇ ਦਾਅਵਾ ਕੀਤਾ ਹੈ।