ਪੱਤਰ ਪ੍ਰੇਰਕ
ਚੰਡੀਗੜ੍ਹ, 7 ਫ਼ਰਵਰੀ
ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਦਫ਼ਤਰ ਦੇ ਬਾਹਰ ਉਪ-ਕੁਲਪਤੀ ਅਤੇ ਯੂ.ਟੀ. ਪ੍ਰਸ਼ਾਸਨ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਕੂਲ ਕਾਲਜ ਖੁਲ੍ਹਵਾਉਣ ਦੇ ਸੱਦੇ ਉਤੇ ਕੀਤੇ ਗਏ ਇਸ ਮੁਜ਼ਾਹਰੇ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਵਿੱਚ ਨੌਜਵਾਨ ਭਾਰਤ ਸਭਾ ਤੋਂ ਮਾਨਵਜੋਤ, ਪੀ.ਐਸ.ਯੂ. ਲਲਕਾਰ ਤੋਂ ਅਮਨਦੀਪ ਸਿੰਘ, ਅਮਨਦੀਪ ਕੌਰ ਆਦਿ ਨੇ ਕਿਹਾ ਕਿ ਅੱਜ ਜਦੋਂ ਆਮ ਜੀਵਨ ਪਹਿਲਾਂ ਵਾਂਗ ਚੱਲ ਰਿਹਾ ਹੈ ਤਾਂ ਵੀ ਸਰਕਾਰਾਂ ਨੇ ਹੁਣ ਤੱਕ ਸਕੂਲ ਅਤੇ ਕਾਲਜ ਬੰਦ ਰੱਖੇ ਹੋਏ ਹਨ। ਭਾਵੇਂ ਜਮਹੂਰੀ ਜਥੇਬੰਦੀਆਂ ਦੇ ਜਨਤਕ ਸੰਘਰਸ਼ਾਂ ਦੀ ਦਾਬ ਹੇਠ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਵਿੱਦਿਅਕ ਸੰਸਥਾਵਾਂ ਖੋਲ੍ਹਣ ਦਾ ਐਲਾਨ ਹੋ ਗਿਆ ਹੈ ਪ੍ਰੰਤੂ ਛੇਵੀਂ ਤੋਂ ਹੇਠਲੀਆਂ ਜਮਾਤਾਂ ਬਾਰੇ ਸਰਕਾਰ ਨੇ ਹਾਲੇ ਵੀ ਚੁੱਪੀ ਧਾਰੀ ਹੋਈ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਕੂਲ ਖੋਲ੍ਹਣ ਬਾਰੇ ਚੁੱਪ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਪਿਛਲੇ 2 ਸਾਲ ਵਿੱਚ ਇਕ ਵਾਰ ਵੀ ਪੂਰੀ ਯੂਨੀਵਰਸਿਟੀ ਨਹੀਂ ਖੋਲ੍ਹੀ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਦੋ ਸਾਲਾਂ ਵਿੱਚ ਅਜਿਹੇ ਵੀ ਵਿਦਿਆਰਥੀ ਸਨ ਜਿਨ੍ਹਾਂ ਨੇ ਕਦੇ ਯੂਨੀਵਰਸਿਟੀ ਦਾ ਮੂੰਹ ਤੱਕ ਨਹੀਂ ਵੇਖਿਆ ਅਤੇ ਜਲਦੀ ਹੀ ਉਨ੍ਹਾਂ ਦੇ ਘਰ ਬੈਠਿਆਂ ਹੀ ਡਿਗਰੀ ਪੂਰੀ ਹੋ ਜਾਵੇਗੀ। ਮਾਨਵ ਨੇ ਕਿਹਾ ਕਿ ਸਕੂਲ ਕਾਲਜ ਬੰਦ ਹੋਣ ਦੀ ਸਭ ਦੀ ਵੱਡੀ ਮਾਰ ਕਿਰਤੀ ਲੋਕਾਂ ਨੂੰ ਪਈ ਹੈ। ਇਨ੍ਹਾਂ ਪਰਿਵਾਰਾਂ ਵਿਚੋਂ ਬਹੁਤੇ ਸਮਾਰਟ ਫੋਨ ਨਹੀਂ ਖਰੀਦ ਸਕਦੇ ਅਤੇ ਹਰ ਬੱਚੇ ਨੂੰ ਇੱਕ ਫੋਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਕੂਲ ਕਾਲਜ ਬੰਦ ਰੱਖਣ ਦਾ ਮਤਲਬ ਸਾਫ਼ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇੱਕ ਵੱਡਾ ਵਰਗ ਸਿੱਖਿਆ ਤੋਂ ਵਾਂਝਾ ਕਰ ਦਿੱਤਾ ਜਾਵੇ। ਕੌਮੀ ਸਿੱਖਿਆ ਨੀਤੀ 2020 ਲਗਪਗ 40 ਫੀਸਦੀ ਪੜ੍ਹਾਈ ਆਨਲਾਈਨ ਕਰਨ ਦੀ ਗੱਲ ਕਰਦੀ ਹੈ। ਇਸ ਗੱਲ ’ਤੇ ਫੁੱਲ ਚੜ੍ਹਾਉਂਦਿਆਂ ਸਰਕਾਰ ਨੇ ਇਸ ਸਾਲ ਸਿੱਖਿਆ ਦਾ ਬਜਟ ਵਧਾਉਣ ਦੀ ਥਾਂ ਸਰਕਾਰ ਵੱਲੋਂ ਚਲਾਏ ਜਾਂਦੇ ਪੜ੍ਹਨ ਵਾਲੇ ਚੈਨਲਾਂ ਦੀ ਗਿਣਤੀ 10 ਗੁਣਾਂ ਵਧਾ ਦਿੱਤੀ ਹੈ। ਵਿਦਿਆਰਥੀ ਆਗੂਆਂ ਨੇ ਯੂ.ਟੀ. ਪ੍ਰਸ਼ਾਸਨ ਅਤੇ ਪੀ.ਯੂ. ਅਥਾਰਿਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦ ਵਿੱਦਿਅਕ ਅਦਾਰੇ ਨਾ ਖੋਲ੍ਹੇ ਗਏ ਤਾਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਜਮਹੂਰੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਸਕੂਲਾਂ, ਕਾਲਜਾਂ ਨੂੰ ਮੁਕੰਮਲ ਤੌਰ ’ਤੇ ਖੁੱਲ੍ਹਵਾਉਣ ਲਈ ਸੰਘਰਸ਼ ਦਾ ਹਿੱਸਾ ਬਣਨ।