ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਇੱਥੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਇੱਕ ਕੈਫੇ ਵਿੱਚ ਇਕੱਠੇ ਹੀ 19 ਮੁਲਾਜ਼ਮ ਕਰੋਨਾ ਵਾਇਰਸ ਪੀੜਤ ਮਿਲੇ। ਇੱਕ ਹੀ ਥਾਂ ’ਤੇ ਵੱਡੀ ਗਿਣਤੀ ਵਿੱਚ ਕਰੋਨਾ ਪੀੜਤ ਮਿਲਣ ਨਾਲ ਚੰਡੀਗੜ੍ਹ ਦੇ ਸਿਹਤ ਵਿਭਾਗ ਨੂੰ ਭਾਜੜਾ ਪੈ ਗਈਆਂ। ਕੈਫੇ ਵਿੱਚ ਕਰੋਨਾ ਪੀੜਤ ਕਰਮਚਾਰੀ ਮਿਲਣ ’ਤੇ ਨਗਰ ਨਿਗਮ ਦੀ ਟੀਮ ਨੇ ਕੈਫੇ ਨੂੰ 48 ਘੰਟੇ ਲਈ ਸੀਲ ਕਰਕੇ ਸੈਨੇਟਾਈਜ਼ ਕਰ ਦਿੱਤਾ ਹੈ। ਕਰੋਨਾ ਪੀੜਤ ਮਿਲੇ ਇਹ ਸਾਰੇ ਕਰਮਚਾਰੀ ਇੱਥੋਂ ਦੇ ਸੈਕਟਰ 26 ਸਥਿਤ ਇੱਕ ਕੈਫੇ ਵਿੱਚ ਕੰਮ ਕਰਦੇ ਹਨ। ਚੰਡੀਗੜ੍ਹ ਵਿੱਚ ਕਰੋਨਾ ਨੂੰ ਲੈਕੇ ਬਣਾਏ ਗਏ ਨੋਡਲ ਅਫਸਰ ਅਤੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ ਨੇ ਦੱਸਿਆ ਕਿ ਚੰਡੀਗੜ੍ਹ ਸਿਹਤ ਵਿਭਾਗ ਦੀ ਇੰਟੀਗਰੇਟੇਡ ਡਿਸੀਜ ਸਰਵਿਲਾਂਸ ਪ੍ਰੋਗਰਾਮ ਟੀਮ ਦਾ ਇੱਕ ਮੈਸੇਜ ਆਇਆ ਸੀ ਕਿ ਇੱਥੇ 26 ਦੇ ਹਾਰਡ ਰੌਕ ਕੈਫੇ ਦੇ 19 ਕਰਮਚਾਰੀ ਕਰੋਨਾ ਪਾਜ਼ਿਟਿਵ ਮਿਲੇ ਹਨ। ਸੂਚਨਾ ਤੋਂ ਬਾਅਦ ਨਗਰ ਨਿਗਮ ਦੀ ਕਵਾਰੰਟਾਈਨ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਉੱਥੇ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ ਅਤੇ ਸ਼ਹਿਰ ਵਿੱਚ ਰਹਿਣ ਵਾਲੇ ਕਰਮਚਾਰੀਆਂ ਦੇ ਘਰਾਂ ਉੱਤੇ ਜਾ ਕੇ ਉਨ੍ਹਾਂ ਨੂੰ ਕਵਾਰੰਟਾਈਨ ਕੀਤਾ ਗਿਆ। ਕੈਫੇ ਨੂੰ ਵੀ ਸੈਨੇਟਾਈਜੇਸ਼ਨ ਕੀਤਾ ਗਿਆ।