ਸ਼ਗਨ ਕਟਾਰੀਆ
ਬਠਿੰਡਾ/ਜੈਤੋ, 20 ਅਕਤੂਬਰ
ਢਿੱਡੀਂ ਲੱਤ ਮਾਰਨ ਵਾਲੇ ਜਰਵਾਣਿਆਂ ਖ਼ਿਲਾਫ਼ ਜੰਗ ਦੇ ਮੋਰਚਿਆਂ ’ਤੇ ਡਟੇ ਅੰਨਦਾਤਿਆਂ ਨੂੰ ਹੱਲਾਸ਼ੇਰੀ ਦੇਣ ਲਈ ਕਲਾਕਾਰ, ਅਦਾਕਾਰ ਅਤੇ ਫ਼ਨਕਾਰ ਲਗਾਤਾਰ ਕਦਮ ਵਧਾ ਰਹੇ ਹਨ। ਪੰਜਾਬੀ ਫ਼ਿਲਮਾਂ ਦੀ ਨੁਮਾਇਆ ਹਸਤੀ ਯੋਗਰਾਜ ਸਿੰਘ ਅੱਜ ਪਿੰਡ ਜੀਦਾ ਦੇ ਟੌਲ ਪਲਾਜ਼ੇ ਅਤੇ ਜੈਤੋ ’ਚ ਰੇਲ ਪਟੜੀ ’ਤੇ ਦਰੀਆਂ ਵਿਛਾਈ ਬੈਠੇ ਕਿਸਾਨਾਂ ਕੋਲ ਪਹੁੰਚੇ। ਉਨ੍ਹਾਂ ਨਾਲ ਪੰਜਾਬੀ ਗਾਇਕ ਦਰਸ਼ਨਜੀਤ ਅਤੇ ਦਿਲਦਾਰ ਸ਼ਰੀਫ਼ ਨੇ ਵੀ ਹਾਜ਼ਰੀ ਲੁਆਈ।
ਯੋਗਰਾਜ ਨੇ ਅੱਜ ਵਿਧਾਨ ਸਭਾ ਦੀ ਕਾਰਵਾਈ ਬਾਰੇ ਭਾਵੇਂ ਇੱਕ ਹੱਦ ਤੱਕ ਤਸੱਲੀ ਪ੍ਰਗਟਾਈ ਪਰ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ‘ਜਦੋਂ ਤੱਕ ਮਾਮਲਾ ਨਿੱਖਰ ਕੇ ਹੱਕ ਵਿੱਚ ਨਜ਼ਰੀਂ ਨਾ ਆਵੇ, ਉਦੋਂ ਤੱਕ ਸੰਘਰਸ਼ ਦਾ ਸਫ਼ਰ ਜਾਰੀ ਰੱਖਿਓ।’ ਉਨ੍ਹਾਂ ਪੰਜਾਬੀ ਕੌਮ ਨੂੰ ਗ਼ੈਰਤਮੰਦਾਂ ਦੀ ਜਮਾਤ ਆਖਦਿਆਂ ਕਿਹਾ ਕਿ ਦੁਸ਼ਮਣਾਂ ਨੇ ਜਦੋਂ ਵੀ ਇਨ੍ਹਾਂ ਦੀ ਗ਼ੈਰਤ ਨੂੰ ਵੰਗਾਰਿਆ ਹੈ ਤਾਂ ਉਸ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ।
ਉੱਧਰ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ’ਚ ਕਰੀਬ ਪੌਣੀ ਦਰਜਨ ਥਾਵਾਂ ਅਤੇ ਉਪ ਮੰਡਲ ਜੈਤੋ ’ਚ ਦੋ ਥਾਵਾਂ ਜੈਤੋ ਅਤੇ ਰੋਮਾਣਾ ਅਲਬੇਲ ਸਿੰਘ ਵਿੱਚ ਧਰਨਿਆਂ ਦਾ ਪ੍ਰਵਾਹ 20ਵੇਂ ਦਿਨ ਵੀ ਜਾਰੀ ਰਿਹਾ। ਰੇਲਵੇ ਪਟੜੀਆਂ ਤੋਂ ਇਲਾਵਾ ਕਾਰਪੋਰੇਟਾਂ ਦੇ ਟੌਲ ਪਲਾਜ਼ੇ, ਸ਼ਾਪਿੰਗ ਮਾਲ ਅਤੇ ਪੈਟਰੋਲ ਪੰਪ ਕਿਸਾਨੀ ਪ੍ਰਦਰਸ਼ਨਾਂ ਦਾ ਕੇਂਦਰ ਰਹੇ। ਮੁਜ਼ਾਹਰਾਕਾਰੀਆਂ ਨੇ ਅੱਜ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਅਤੇ ਭੁੱਚੋ ’ਚ ਭਾਜਪਾ ਆਗੂਆਂ ਦੇ ਘਰਾਂ ਤਿੰਨ ਘੰਟਿਆਂ ਲਈ ਘਿਰਾਓ ਵੀ ਕੀਤਾ। ਅੰਦੋਲਨਕਾਰੀਆਂ ਨੇ ਦੁਹਰਾਇਆ ਕਿ ਦੇਸ਼ ਭਰ ਦੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਖੇਤੀ ਕਾਨੂੰਨ ਬਣਾਏ ਜਾਣ ਕਰਕੇ ਲੋਕਾਂ ’ਚ ਮੋਦੀ ਸਰਕਾਰ ਖ਼ਿਲਾਫ਼ ਗੁੱਸੇ ਦੀ ਲਹਿਰ ਦਿਨੋ-ਦਿਨ ਉਬਾਲੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਘਿਰਾਓ ਦੀਆਂ ਚੱਲ ਰਹੀਆਂ ਸੰਕੇਤਕ ਕਾਰਵਾਈਆਂ ਨੂੰ ਸਥਾਈ ਰੂਪ ਦੇ ਕੇ ਭਾਜਪਾ ਆਗੂਆਂ ਦਾ ਘਰਾਂ ’ਚੋਂ ਨਿੱਕਲਣਾ ਦੁੱਭਰ ਕਰ ਦਿੱਤਾ ਜਾਵੇਗਾ। ਇਨ੍ਹਾਂ ਇਕੱਠਾਂ ਨੂੰ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਪ੍ਰਗਟ ਸਿੰਘ ਰੋੜੀਕਪੂਰਾ, ਅਮਰਜੀਤ ਹਨੀ, ਨਛੱਤਰ ਸਿੰਘ ਜੈਤੋ, ਸਰਬਜੀਤ ਅਜਿੱਤਗਿੱਲ, ਸਰਦੂਲ ਕਾਸਮਭੱਟੀ, ਨਾਇਬ ਸਿੰਘ ਭਗਤੂਆਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।