ਮਨੋਜ ਸ਼ਰਮਾ
ਬਠਿੰਡਾ, 21 ਅਕਤੂਬਰ
ਪੁਲੀਸ ਲਾਈਨ ’ਚ ਪੁਲੀਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਲਈ ਆਪਣਾ ਸਰਵਉੱਚ ਬਲਿਦਾਨ ਦੇਣ ਵਾਲੀਆਂ ਮੁਲਕ ਦੀਆਂ ਸਾਰੀਆਂ ਸੁਰੱਖਿਆ ਫੋਰਸਾਂ, ਪੈਰਾਮਿਲਟਰੀ ਤੇ ਸਟੇਟ ਫੋਰਸਜ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਆਈਜੀ ਬਠਿੰਡਾ ਰੇਂਜ ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐੱਸਐੱਸਪੀ ਅਜੈ ਮਲੂਜਾ ਆਦਿ ਵੱਲੋਂ ਪੁਲੀਸ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ। ਇਸ ਮੌਕੇ ਸ਼ਹੀਦ ਜਵਾਨਾਂ ਦੀ ਯਾਦ ਵਿੱਚ 2 ਮਿੰਟ ਮੌਨ ਧਾਰਿਆ ਗਿਆ। ਆਈ.ਜੀ. ਪੁਲੀਸ ਬਠਿੰਡਾ ਰੇਂਜ ਜਸਕਰਨ ਸਿੰਘ ਨੇ ਦੇਸ਼ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਦਿਨ ਨੂੰ ਸੈਂਟਰਲ ਰਿਜਰਵ ਫੋਰਸ ਦੇ ਉਨ੍ਹਾਂ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਭਾਰਤ-ਚੀਨ ਦੇ ਸਰਹੱਦੀ ਵਿਵਾਦ ਕਾਰਨ ਸ਼ਹੀਦੀ ਦਾ ਜਾਮ ਪੀਣਾ ਪਿਆ। ਚੀਨੀ ਦਸਤਿਆਂ ਨੇ ਇਸ ਦਿਨ 21 ਅਕਤੂਬਰ 1959 ਨੂੰ ਘਾਤ ਲਾ ਕੇ ਸੈਂਟਰਲ ਰਿਜ਼ਰਵ ਫੋਰਸ (ਸੀ.ਆਰ.ਪੀ.ਐਫ.) ਦੀ ਪੈਟਰੋਲਿੰਗ ਟੁਕੜੀ ’ਤੇ ਹਮਲਾ ਕਰਕੇ ਡੀਐੱਸਪੀ ਸਮੇਤ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਆਈ.ਜੀ. ਜਸਕਰਨ ਸਿੰਘ ਨੇ ਸ਼ਹੀਦ ਪੁਲੀਸ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਦੇਸ਼ ਤੇ ਕੌਮ ਨੂੰ ਮਾਣ ਹੁੰਦਾ ਹੈ, ਪਰ ਨਾਲ ਦੀ ਨਾਲ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਵੀ ਸਾਡੇ ਫਰਜ ਬਣਦੇ ਹਨ।
ਫਾਜ਼ਿਲਕਾ (ਪਰਮਜੀਤ ਸਿੰਘ) ਫਾਜ਼ਿਲਕਾ ਪੁਲੀਸ ਲਾਈਨ ’ਚ ਪੁਲੀਸ ਯਾਦਗਾਰੀ ਦਿਵਸ ਮੌਕੇ ਦੇਸ਼ ਲਈ ਬਲਿਦਾਨ ਦੇਣ ਵਾਲੇ ਪੁਲੀਸ ਵਿਭਾਗ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸਨਰ ਬਬੀਤਾ ਕਲੇਰ, ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਭੇਟ ਕੀਤੇ।
ਇਸ ਮੌਕੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਦਿਨ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਦਿਨ ਪੁਲੀਸ ਦੇ ਸਹੀਦ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ) ਪੁਲੀਸ ਲਾਈਨ ’ਚ ਸਮਿਰਤੀ ਪਰੇਡ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੌਰਾਨ ਸ਼ਹੀਦ ਪੁਲੀਸ ਤੇ ਸੁਰੱਖਿਆ ਫੋਰਸ ਜਵਾਨਾਂ ਤੇ ਅਧਿਕਾਰੀਆਂ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਤੇ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡੀਐੱਸਪੀ. ਬੀ.ਐਸ. ਭੁੱਲਰ ਨੇ ਦੇਸ਼ ਭਰ ’ਚ ਹੋਏ ਸ਼ਹੀਦ ਜਵਾਨਾਂ ਦੇ ਨਾਮ ਪੜ੍ਹ ਕੇ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਮੌਕੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੌਰਾਨ ਸ਼ਹੀਦ ਪੁਲੀਸ ਜਵਾਨਾਂ ਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਬਰਨਾਲਾ (ਪਰਸ਼ੋਤਮ ਬੱਲੀ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਸਮਾਗਮ ਦੌਰਾਨ ਦੇਸ਼ ਲਈ ਸ਼ਹਾਦਤ ਦੇਣ ਵਾਲੇ ਪੁਲੀਸ ਵਿਭਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ, ਸੀਜੇਐਮ ਪ੍ਰਤਿਮਾ ਅਰੋੜਾ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਐਸਡੀਐਮ ਵਰਜੀਤ ਵਾਲੀਆ, ਏਅਰਫੋਰਸ ਸਟੇਸ਼ਨ ਤੋਂ ਗਰੁੱਪ ਕੈਪਟਨ ਪੀਪੀ ਵੋਹਰਾ ਤੇ ਹੋਰਨਾਂ ਨੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ।
ਐੱਸਐੱਸਪੀ ਅਲਕਾ ਮੀਨਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਦਿਨ ਦੇ ਮਹੱਤਵ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਇਸ ਦਿਨ ਪੁਲੀਸ ਦੇ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।
ਜ਼ਿਲ੍ਹਾ ਮਾਨਸਾ ਦੇ 33 ਸ਼ਹੀਦਾਂ ਨੂੰ ਯਾਦ ਕੀਤਾ
ਮਾਨਸਾ (ਜੋਗਿੰਦਰ ਸਿੰਘ ਮਾਨ) ਮਾਨਸਾ ਪੁਲੀਸ ਨੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਪੁਲੀਸ ਲਾਈਨ ਵਿੱਚ ਸਥਾਪਤ ਸ਼ਹੀਦੀ ਸਮਾਰਕ ’ਤੇ ਜ਼ਿਲ੍ਹਾ ਪੱਧਰ ’ਤੇ ਪੁਲੀਸ ਸਿਮਰਤੀ ਦਿਵਸ ਮਨਾਉਦਿਆਂ ਜ਼ਿਲ੍ਹਾ ਮਾਨਸਾ ਦੇ 33 ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਸੀਨੀਅਰ ਕਪਤਾਨ ਪੁਲੀਸ ਮਾਨਸਾ ਤੇ ਇਸ ਮੌੌਕੇ ਹਾਜ਼ਰ ਸੀਨੀਅਰ ਅਫਸਰਾਨ ਤੇ ਮਾਨਸਾ ਪੁਲੀਸ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਫੁੱਲ-ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸਰਧਾਜਲੀਆ ਭੇਂਟ ਕੀਤੀਆਂ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਸੰਦੀਪ ਕੁਮਾਰ ਗਰਗ ਨੇ ਕਿਹਾ ਕਿ ਦੇਸ਼ ਦੀ ਏਕਤਾ,ਅਖੰਡਤਾ ਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੇ ਜਿਨ੍ਹਾਂ ਬਹਾਦਰ ਸ਼ੂਰਬੀਰਾਂ ਨੇ ਤਨਦੇਹੀ ਨਾਲ ਆਪਣੀ ਡਿਊਟੀ ਦੌੌਰਾਨ ਦੇਸ਼-ਦੁਸ਼ਮਨ ਤਾਕਤਾਂ ਨਾਲ ਲੋੋਹਾ ਲੈਂਦੇ ਹੋਏ ਆਪਣੀਆ ਸ਼ਹੀਦੀਆਂ ਪਾਈਆਂ ਹਨ ਸਬੰਧੀ ਜਾਣੂ ਕਰਵਾਇਆ