ਮਨੋਜ ਸ਼ਰਮਾ
ਬਠਿੰਡਾ, 6 ਅਗਸਤ
ਇੱਥੇ ਅੱਜ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਨੂੰ ਪੁਲੀਸ ਪਾਰਟੀ ਮੈਡੀਕਲ ਜਾਂਚ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਪਹੁੰਚੀ, ਜਿੱਥੋਂ ਉਕਤ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੁੜ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਥਰਮਲ ਦੀ ਪੁਲੀਸ ਵੱਲੋਂ ਕਿਸੇ ਮਾਮਲੇ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਜਦੋਂ ਪੁਲੀਸ ਪਾਰਟੀ ਮੈਡੀਕਲ ਜਾਂਚ ਲਈ ਉਕਤ ਵਿਅਕਤੀ ਨੂੰ ਸਥਾਨਕ ਸਿਵਲ ਹਸਪਤਾਲ ਲੈ ਕੇ ਆਈ ਤਾਂ ਉਹ ਹਸਪਤਾਲ ਦੀ ਦੂਜੀ ਮੰਜ਼ਿਲ ਦੀ ਇੱਕ ਖਿੜਕੀ ’ਚੋਂ ਛਾਲ ਮਾਰ ਕੇ ਫਰਾਰ ਹੋ ਗਿਆ। ਉਪਰੰਤ ਕਾਫੀ ਕੋਸ਼ਿਸ਼ ਮਗਰੋਂ ਪੁਲੀਸ ਨੇ ਫ਼ਰਾਰ ਹੋਏ ਮੁਲਜ਼ਮ ਨੂੰ ਸ਼ਹਿਰ ’ਚੋਂ ਮੁੜ ਕਾਬੂ ਕਰ ਲਿਆ। ਮੁਲਜ਼ਮ ਨੂੰ ਡੋਪ ਟੈਸਟ ਕਰਨ ਲਈ ਪਿਸ਼ਾਬ ਦਾ ਸੈਂਪਲ ਲਿਆਉਣ ਲਈ ਕਿਹਾ ਗਿਆ। ਇਸ ਦੌਰਾਨ ਉਹ ਪਖਾਨੇ ਦੀ ਖਿੜਕੀ ਖੋਲ੍ਹ ਕੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ। ਇਸੇ ਦੌਰਾਨ ਕਿਸੇ ਵਿਅਕਤੀ ਨੇ ਹਾਜੀ ਰਤਨ ਚੌਕ ’ਚ ਖੜ੍ਹੀ ਪੀਸੀਆਰ ਦੀ ਟੀਮ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਸਮੇਤ ਹੱਥਕੜੀ ਭੱਜਿਆ ਜਾ ਰਿਹਾ ਹੈ ਤਾਂ ਪੁਲੀਸ ਦੀ ਟੀਮ ਨੇ ਮੁਸ਼ਤੈਦੀ ਵਰਤਦਿਆਂ ਮੁਲਜ਼ਮ ਨੂੰ ਕਾਬੂ ਕਰ ਕੇ ਮੁੜ ਥਾਣਾ ਥਰਮਲ ਦੀ ਪੁਲੀਸ ਹਵਾਲੇ ਕਰ ਦਿੱਤਾ।