ਸ਼ਗਨ ਕਟਾਰੀਆ
ਬਠਿੰਡਾ, 16 ਨਵੰਬਰ
ਆਨਲਾਈਨ ਸਿੱਖਿਆ ਦੇ ਅੰਕੜੇ ਸੌ ਫੀਸਦੀ ਦੇਣ ਵਿਰੁੱਧ ਅਤੇ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਅਧਿਆਪਕਾਂ ਨੇ ਇੱਥੇ ਡੀਈਓ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਬਾਅਦ ’ਚ ਉਨ੍ਹਾਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਡੀਈਓ ਨੂੰ ਦਿੱਤਾ।
ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਅਤੇ ਸੂਬਾ ਕੈਸ਼ੀਅਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਆਨਲਾਈਨ ਸਿੱਖਿਆ (ਪੈਸ) ਦੇ ਨਤੀਜੇ ਸੌ ਫੀਸਦੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਇਖ਼ਲਾਕੋਂ ਹੀਣਾ ਕਹਿ ਕੇ ਅਪ੍ਰਵਾਨ ਕਰਦਿਆਂ ਕਿਹਾ ਕਿ ਦਰਅਸਲ ਨਰਮੇ ਦੇ ਸੀਜ਼ਨ ਕਾਰਨ ਬਹੁਤੇ ਵਿਦਿਆਰਥੀ ਮਾਪਿਆਂ ਸਮੇਤ ਗੁਆਂਢੀ ਰਾਜਾਂ ’ਚ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗਰੀਬ ਵਿਦਿਆਰਥੀਆਂ ਕੋਲ ਇੰਟਰਨੈਟ ਦੀ ਸਹੂਲਤ ਨਹੀਂ ਹੁੰਦੀ।
6060 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਆਨੰਦ ਸਿੰਘ ਨੇ ਨਵ ਨਿਯੁਕਤ ਅਧਿਆਪਕਾਂ ਦੇ ਚਾਰ ਸਾਲਾ ਏਸੀਪੀ ਸਕੀਮ ਲਈ ਪਰਖ ਸਮੇਂ ਦੌਰਾਨ ਕੀਤੀ ਸੇਵਾ ਨੂੰ ਗਿਣਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਦੇ ਸੂਬਾਈ ਸਕੱਤਰ ਹਰਜੀਤ ਜੀਦਾ ਅਤੇ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਆਨਲਾਈਨ ਪੜ੍ਹਾਈ ਨੂੰ ਅਧਿਆਪਕਾਂ ਦਾ ਬਦਲ ਬਣਾਉਣ ਦੀ ਕੋਝੀ ਚਾਲ ਚੱਲ ਰਹੀ ਹੈ ਅਤੇ ਇਹ ਸਿੱਖਿਆ ਦੇਣ ਦਾ ਸਿਸਟਮ ਪੰਜਾਬ ਦੇ ਹਾਲਾਤ ਅਨੁਸਾਰ ਵਿਦਿਆਰਥੀ ਵਿਰੋਧੀ ਹੈ।
ਅਧਿਆਪਕਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਸਕੂਲ ਦੇ ਪੰਜਾਬੀ ਮਾਸਟਰ ਕੁਲਵਿੰਦਰ ਸਿੰਘ ਦੀ ਮੁਅੱਤਲੀ ਰੱਦ ਕਰਕੇ ਬਹਾਲ ਕੀਤਾ ਜਾਵੇ। ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ ਅਤੇ ਐਸਐੱਲਏ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਨੇ ਮੰਗ ਕੀਤੀ ਕਿ ਕੋਵਿਡ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲਏ ਜਾ ਰਹੇ ਫੰਡਾਂ ਨੂੰ ਮਾਫ ਕੀਤਾ ਜਾਵੇ।
ਇਸ ਪ੍ਰਦਰਸ਼ਨ ਮੌਕੇ ਅਧਿਆਪਕ ਬਲਜਿੰਦਰ ਸਿੰਘ, ਭੁਪਿੰਦਰ ਮਾਈਸਰਖਾਨਾ, ਭੋਲਾ ਰਾਮ, ਪਰਵਿੰਦਰ ਸਿੰਘ, ਗਰਪ੍ਰੀਤ ਖੇਮੂਆਣਾ, ਜਸਵਿੰਦਰ ਬੌਕਸਰ, ਬਲਜਿੰਦਰ ਕੌਰ, ਕੁਲਵਿੰਦਰ ਵਿਰਕ , ਅੰਗਰੇਜ਼ ਸਿੰਘ, ਰਾਜਵਿੰਦਰ ਜਲਾਲ, ਹਰਿਮੰਦਰ ਗਿੱਲ, ਰਤਨਜੋਤ ਸ਼ਰਮਾ ਆਦਿ ਸ਼ਾਮਲ ਸਨ।