ਸ਼ਗਨ ਕਟਾਰੀਆ
ਬਠਿੰਡਾ, 15 ਜੂਨ
ਆਮ ਆਦਮੀ ਪਾਰਟੀ (ਆਪ) ਨੇ ਅੱਜ ਇਥੇ ਮਿਨੀ ਸਕੱਤਰੇਤ ਸਾਹਮਣੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ ਕਥਿਤ ਘੁਟਾਲੇ ਦੇ ਸਬੰਧ ’ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
ਅੱਜ ਪਲੇਠੇ ਦਿਨ ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਕਾਨੂੰਨੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਟਰੇਡ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਨਿਲ ਠਾਕੁਰ ਭੁੱਖ ਹੜਤਾਲ ’ਤੇ ਬੈਠੇ। ਮਨਜੀਤ ਸਿੰਘ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਇੱਕ ਹਫਤਾ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੇ ਦੋ ਲੱਖ ਐੱਸਸੀ/ਐੱਸਟੀ ਬੱਚਿਆਂ ਦੇ 1539 ਕਰੋੜ ਰੁਪਇਆਂ ਦੀ ਕਥਿਤ ਤੌਰ ’ਤੇ ‘ਹੇਰ-ਫੇਰ’ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਮਲੇ ’ਤੇ ਪਰਦਾਪੋਸ਼ੀ ਕਰਦਿਆਂ ਇਸ ਦਾ ਦੋਸ਼ ਕੇਂਦਰ ਸਰਕਾਰ ’ਤੇ ਮੜ੍ਹਦਿਆਂ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਸਜ਼ਾ ਦਿੱਤੀ ਜਾਵੇ ਅਤੇ ਬੱਚਿਆਂ ਦਾ ਵਜ਼ੀਫ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
ਰੋਸ ਪ੍ਰਦਰਸ਼ਨ ਮੌਕੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਦੇ ਆਗੂ ਨੀਲ ਗਰਗ, ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਮਾਸਟਰ ਜਗਸੀਰ ਸਿੰਘ, ਬਲਜਿੰਦਰ ਕੌਰ, ਰਾਕੇਸ਼ ਪੁਰੀ, ਐੱਮਐਲ ਜਿੰਦਲ, ਬਲਕਾਰ ਸਿੰਘ ਭੋਖੜਾ, ਬਲਜਿੰਦਰ ਸਿੰਘ, ਕੁਲਦੀਪ ਕੌਰ ਆਦਿ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਮਾਨਸਾ ਦੇ ਡੀ.ਸੀ. ਦਫ਼ਤਰ ਦੇ ਕੋਲ ਲੜੀਵਾਰ ਭੁੱਖ ਹੜਤਾਲ ਸ਼ੋਰੂ ਕੀਤੀ ਗਈ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਤੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ। ਇਹ ਧਰਨਾ ਜ਼ਿਲ੍ਹਾ ਐੱਸਸੀ ਵਿੰਗ ਦੇ ਪ੍ਰਧਾਨ ਗੁਰਮੇਲ ਸਿੰਘ ਰਾਜੂ ਤੇ ਜ਼ਿਲ੍ਹਾ ਸਕੱਤਰ ਸ਼ਿੰਦਾ ਭੀਖੀ ਦੀ ਅਗਵਾਈ ਵਿੱਚ ਦਿੱਤਾ ਗਿਆ। ਭੁੱਖ ਹੜਤਾਲ ’ਤੇ ਗੁਰਮੇਲ ਸਿੰਘ ਰਾਜੂ, ਸਿੰਦਾ ਸਿੰਘ ਭੀਖੀ, ਚਰਨਜੀਤ ਸਿੰਘ, ਕ੍ਰਿਸ਼ਨ ਸਿੰਘ, ਬੀਰਬਲ ਸਿੰਘ ਅਤੇ ਮੁਖਤਿਆਰ ਸਿੰਘ ਬੈਠੇ। ਪਾਰਟੀ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਵਿਦਿਆਰਥੀਆਂ ਦੇ ਵਜ਼ੀਫੇ ਦੀ ਬਣਦੀ ਰਕਮ ਪੰਜਾਬ ਸਰਕਾਰ ਤੁੁਰੰਤ ਜਾਰੀ ਕਰੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਵਜ਼ੀਫ਼ਾ ਘਪਲੇ ਲਈ ‘ਆਪ’ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਖਤ ਕਾਰਵਾਈ ਦੀ ਮੰਗ ਕਰਦਿਆਂ ਇਕ ਹਫ਼ਤੇ ਲਈ ਇਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਪਹਿਲੇ ਦਿਨ ਭੁੱਖ ਹੜਤਾਲ ਮੁਜ਼ਾਹਰੇ ਵਿੱਚ ਸ਼ਾਮਲ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਿੱਲ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਲੋੜਵੰਦ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੱਕਾ ਹੈ।
ਫ਼ਰੀਦਕੋਟ (ਜਸਵੰਤ ਜੱਸ): ਆਪ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਪੋਲ-ਖੋਲ੍ਹ ਮੁਹਿੰਮ ਸ਼ੁਰੂ ਕੀਤੀ ਹੈ। ਪਾਰਟੀ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਪਾਰਟੀ ਵਰਕਰ ਪਹਿਲਾਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ। ਬੀਬੀ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਵਧਾ ਕੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਸੁਰਜੀਤ ਸਿੰਘ ਢਿੱਲਵਾਂ, ਅਮਨਦੀਪ ਸਿੰਘ, ਸੁਰਿੰਦਰ ਸਿੰਘ, ਜਸਪਾਲ ਸਿੰਘ ਅਤੇ ਜਗਮੀਤ ਸਿੰਘ ਸੁੱਖਣਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਵਿੱਚ ਵੱਡਾ ਘੁਟਾਲਾ ਕੀਤਾ ਹੈ
ਬਰਨਾਲਾ (ਪਰਸ਼ੋਤਮ ਬੱਲੀ): ਵਜ਼ੀਫ਼ਾ ਘਪਲੇ ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ‘ਆਪ’ ਦੇ ਸੱਦੇ ’ਤੇ ਐੱਸਸੀ ਵਿੰਗ ਵੱਲੋਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਇੰਚਾਰਜ ਲਾਭ ਸਿੰਘ ਉਗੋਕੇ ਅਤੇ ‘ਆਪ’ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ 7 ਰੋਜ਼ਾ ਜ਼ਿਲ੍ਹਾ ਪੱਧਰੀ ਭੁੱਖ ਹੜਤਾਲ ਆਰੰਭ ਕੀਤੀ ਗਈ। ਆਗੂਆਂ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਵਜੀਫ਼ੇ ਦੀ ਰਕਮ ਕਥਿਤ ਤੌਰ ’ਤੇ ਖੁਰਦਬੁਰਦ ਕਰਨ ਦੇ ਦੋਸ਼ ਲੱਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਕਲੀਨ ਚਿੱਟ ਦੇ ਦਿੱਤੀ ਜੋ ਕਿ ਦਲਿਤ ਸਮਾਜ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੈ| ਇਸ ਮੌਕੇ ਪਰਮਿੰਦਰ ਭੰਗੂ, ਸੰਜੀਵ ਸ਼ਰਮਾ, ਰਵੀ ਢਿੱਲਵਾਂ, ਡਾ. ਸੁਖਪਾਲ, ਸੂਬੇਦਾਰ ਮਹਿੰਦਰ ਸਿੰਘ ਸਿੱਧੂ, ਰੁਪਿੰਦਰ ਸਿੰਘ ਬੰਟੀ ਕੌਂਸਲਰ ਤੇ ਮਲਕੀਤ ਸਿੰਘ ਕੌਂਸਲਰ ਆਦਿ ਹਾਜ਼ਰ ਸਨ|
‘ਘਪਲੇ’ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ’ਤੇ ਜ਼ੋਰ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਆਮ ਆਦਮੀ ਪਾਰਟੀ ਨੇ ਐੱਸਸੀ/ਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸਪਿ ਸਕੀਮ ਘੁਟਾਲੇ ਵਿਰੁੱਧ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ। ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਮੰਤਰੀ ਸਿੱਖਿਆ ਪ੍ਰਣਾਲੀ ਵਿੱਚ ਵਿਕਾਸ ਕਰਨ ਦੇ ਦਮਗਜੇ ਮਾਰਦੇ ਹਨ ਜਦੋਂ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਅਸਲ ਤਸਵੀਰ ਇਹ ਹੈ ਕਿ ਪੰਜਾਬ ਦੇ 2 ਲੱਖ ਤੋਂ ਜਿਆਦਾ ਐੱਸਸੀ/ਐੱਸਟੀ ਵਿਦਿਆਰਥੀ ਪ੍ਰੀਖਿਆਵਾਂ ਹੀ ਨਹੀਂ ਦੇ ਸਕਦੇ। ਉਨ੍ਹਾਂ ਸਰਕਾਰ ਕੋਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਘੁਟਾਲੇ’ ਦੇ ਮੁੱਦੇ ’ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦਲਿਤ ਵਿਦਿਆਰਥੀ ਵਜ਼ੀਫਾ ਸਕੀਮ ਤੋਂ ਵਾਂਝੇ ਰਹਿ ਗਏ ਹਨ ਤੇ ਕੈਬਨਿਟ ਮੰਤਰੀ ਤੇ ਅਧਿਕਾਰੀਆਂ ਨੂੰ ਸਜ਼ਾ ਮਿਲਣ ਦੀ ਬਜਾਏ ਦਲਿਤ ਵਿਦਿਆਰਥੀਆਂ ਨੂੰ ਸਜ਼ਾ ਮਿਲ ਰਹੀ ਹੈ।