ਸ਼ਗਨ ਕਟਾਰੀਆ
ਬਠਿੰਡਾ, 7 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਤਿੰਨ ਸਰਕਾਰੀ ਸਕੂਲਾਂ ਦੀਆਂ ਨਵੀਆਂ ਉਸਾਰੀਆਂ ਇਮਾਰਤਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀਨੂੰ ਬਾਦਲ ਵੀ ਉਨ੍ਹ੍ਵਾਂ ਨਾਲ ਹਾਜ਼ਰ ਸਨ।
ਉਨ੍ਹਾਂ ਵੱਲੋਂ 269.73 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ 3 ਮੰਜ਼ਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੀਆਣਾ ਬਸਤੀ ਦੀ ਨਵੀਂ ਇਮਾਰਤ ਸਮੇਤ 3 ਮੰਜ਼ਲਾ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਲਾਲ ਸਿੰਘ ਬਸਤੀ ਦੀ ਨਵੀਂ ਇਮਾਰਤ ਅਤੇ 70 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਦੀ ਇਮਾਰਤ ਲੋਕ ਅਰਪਣ ਕੀਤੀ ਗਈ। ਧੋਬੀਆਣਾ ਸਕੂਲ ਵਿੱਚ ਡੇਢ ਕਰੋੜ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ ਵੀ ਬਣਾਇਆ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਉਹ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਨ ਤੋਂ ਬਾਅਦ ਬੱਚਿਆਂ ਦੇ ਦਾਖਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹ੍ਵਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਧੋਬੀਆਣਾ ਵਿੱਚ ਪਿਛਲੇ ਸਾਲ 720 ਵਿਦਿਆਰਥੀ ਪੜ੍ਹਦੇ ਸਨ ਜਦੋਂ ਕਿ ਇਸ ਵਾਰ ਵਿਦਿਆਰਥੀਆਂ ਦੀ ਗਿਣਤੀ ਵਧ ਕੇ 1100 ਦੇ ਕਰੀਬ ਹੋ ਗਈ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਲਾਲ ਸਿੰਘ ਬਸਤੀ ਵਿੱਚ ਵੀ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਸਰਕਾਰੀ ਸਕੂਲ ਕਾਨਵੈਂਟ ਸਕੂਲਾਂ ਤੋਂ ਕਿਧਰੇ ਵੀ ਘੱਟ ਨਹੀਂ ਰਹੇ। ਉਨ੍ਹ੍ਵਾਂ ਸਕੂਲ ਮੁਖੀਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਜੈਜੀਤ ਜੌਹਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਚੇਅਰਮੈਨ ਨਗਰ ਸੁਧਾਰ ਟਰੱਸਟ ਕੇਕੇ ਅਗਰਵਾਲ, ਨਗਰ ਨਿਗਮ ਮੇਅਰ ਰਮਨ ਗੋਇਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਮੋਹਨ ਲਾਲ ਝੂੰਬਾ, ਪਵਨ ਮਾਨੀ, ਅਸ਼ੋਕ ਪ੍ਰਧਾਨ, ਮਾਸਟਰ ਹਰਮੰਦਰ ਸਿੰਘ, ਗੁਰਇਕਬਾਲ ਚਹਿਲ, ਹਰਵਿੰਦਰ ਲੱਡੂ, ਬਲਜਿੰਦਰ ਠੇਕੇਦਾਰ, ਸੰਤੋਸ਼ ਮਹੰਤ, ਆਤਮਾ ਸਿੰਘ, ਸੁਖਰਾਜ ਔਲਖ ਤੇ ਕੰਵਲਜੀਤ ਭੰਗੂ ਆਦਿ ਹਾਜ਼ਰ ਸਨ।