ਮਨੋਜ ਸ਼ਰਮਾ
ਬਠਿੰਡਾ, 30 ਜਨਵਰੀ
ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਹਮੇਸ਼ਾ ਸੋਸ਼ਲ ਮੀਡੀਆ ’ਤੇ ਖ਼ਜ਼ਾਨਾ ਖਾਲੀ ਹੋਣ ਬਾਰੇ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਪਰ ਜੇਕਰ ਬੀਤੇ ਦਿਨ ਸ੍ਰੀ ਬਾਦਲ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਦਿੱਤੇ ਗਏ ਸੰਪਤੀ ਦੇ ਵੇਰਵੇ ’ਤੇ ਝਾਤ ਮਾਰੀ ਜਾਵੇ ਤਾਂ ਨਕਦ ਪੈਸੇ ਦੇ ਮਾਮਲੇ ’ਚ ਮਨਪ੍ਰੀਤ ਆਮ ਸਾਧਾਰਨ ਜ਼ਿਮੀਦਾਰ ਹਨ ਜਿਸ ਕੋਲ ਇੱਕ ਲੱਖ ਰੁਪਏ ਨਕਦ ਰਾਸ਼ੀ ਹੈ ਜਦਕਿ 2017 ਵਿੱਚ ਮਨਪ੍ਰੀਤ ਸਿੰਘ ਬਾਦਲ ਕੋਲ ਨਕਦੀ 50 ਹਜ਼ਾਰ ਰੁਪਏ ਸਨ। ਸ੍ਰੀ ਬਾਦਲ ਦੀ ਪਤਨੀ ਵੀਨੂ ਬਾਦਲ ਦਾ ਪੈਸਿਆਂ ਵਾਲੇ ਪਾਸੇ ਤੋਂ ਹੱਥ ਤੰਗ ਹੈ। ਉਨ੍ਹਾਂ ਕੋਲ ਕੋਈ ਨਕਦੀ ਨਹੀਂ ਹੈ ਪਰ ਸੋਨੇ ਦੇ ਮਾਮਲੇ ਵਿੱਚ ਵੀਨੂ ਬਾਦਲ, ਮਨਪ੍ਰੀਤ ਨਾਲੋਂ ਅੱਗੇ ਹੈ, ਜਿਸ ਕੋਲ 60 ਤੋਲੇ ਸੋਨਾ ਹੈ ਜਦਕਿ ਮਨਪ੍ਰੀਤ ਕੋਲ 5 ਤੋਲੇ ਸੋਨਾ ਹੈ। ਸ੍ਰੀ ਬਾਦਲ ਵੱਲੋਂ 2017 ਵਿੱਚ ਜਮ੍ਹਾਂ ਕਰਵਾਏ ਗਏ ਨਾਮਜ਼ਦਗੀ ਪੱਤਰ ਅਨੁਸਾਰ ਉਨ੍ਹਾਂ ਦੀ ਕੁੱਲ ਸੰਪਤੀ 38.81 ਕਰੋੜ ਰੁਪਏ ਸੀ ਜਦਕਿ ਐਤਕੀ ਬਠਿੰਡਾ ਵਿਖੇ ਜਮ੍ਹਾਂ ਕਰਵਾਏ ਗਏ ਨਾਮਜ਼ਦਗੀ ਪੱਤਰ ਅਨੁਸਾਰ ਉਸ ਵਲੋਂ 72.70 ਕਰੋੜ ਰੁਪਏ ਦਿਖਾਈ ਗਈ ਹੈ, ਜੋ 5 ਸਾਲਾਂ ਵਿੱਚ ਦੁੱਗਣੀ ਹੋ ਗਈ। ਵੇਰਵਿਆਂ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਦੀ ਇੱਕ ਕਰੋੜ 86 ਲੱਖ 4 ਹਜ਼ਾਰ ਇੱਕ 145 ਦੇਣਦਾਰੀ ਵੀ ਹੈ। ਸਾਲ 2017 ਵਿੱਚ ਮਨਪ੍ਰੀਤ ਸਿੰਘ ਬਾਦਲ ਕੋਲ 36 ਕਰੋੜ 90 ਲੱਖ 9 ਹਜ਼ਾਰ 49 ਰੁਪਏ ਦੀ ਅਚੱਲ ਅਤੇ 2 ਕਰੋੜ 12 ਲੱਖ 6 ਹਜ਼ਾਰ 864 ਰੁਪਏ ਦੀ ਚੱਲ ਸੰਪਤੀ ਸੀ। ਤਾਜ਼ਾ ਵੇਰਵਿਆਂ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਦੀ ਚੱਲ ਸੰਪਤੀ 9 ਕਰੋੜ 15 ਲੱਖ 52 ਹਜ਼ਾਰ 538 ਰੁਪਏ ਅਤੇ ਅਚੱਲ ਸੰਪਤੀ 63 ਕਰੋੜ 54 ਲੱਖ 53 ਹਜ਼ਾਰ 922 ਰੁਪਏ ਹੋ ਗਈ ਹੈ।
ਬਠਿੰਡਾ (ਸ਼ਗਨ ਕਟਾਰੀਆ): ਭਾਵੇਂ ਚੋਣ ਪ੍ਰਚਾਰ ’ਚ ਹਾਲੇ 20 ਦਿਨ ਬਾਕੀ ਹਨ ਪਰ ਬਠਿੰਡਾ (ਸ਼ਹਿਰੀ) ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਉਨ੍ਹਾਂ ਦੀ ਪਤਨੀ ਵੀਨੂ ਬਾਦਲ, ਪੁੱਤਰ ਅਰਜੁਨ ਬਾਦਲ, ਬੇਟੀ ਰੀਆ ਬਾਦਲ ਸਮੇਤ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਅਤੇ ਭਤੀਜੀ ਮੰਨਤ ਜੌਹਲ ਨੇ ਚੋਣ ਪ੍ਰਚਾਰ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਸ੍ਰੀ ਬਾਦਲ ਦਾ ਕਹਿਣਾ ਹੈ ਕਿ ਲੋਕ ਲਾਰਿਆਂ ਅਤੇ ਗੁੰਮਰਾਹਕੁਨ ਵਾਅਦਿਆਂ ਦੇ ਲਾਲਚ ’ਚ ਆਉਣ ਦੀ ਥਾਂ ਕੀਤੇ ਕੰਮਾਂ ਨੂੰ ਵੋਟ ਪਾਉਣਗੇ।
ਸ੍ਰੀ ਬਾਦਲ ਨੇ ਅੱਜ ਵੱਖ-ਵੱਖ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨਾਲ ਸੰਪਰਕ ਕੀਤਾ ਅਤੇ ਹਰ ਵਾਅਦੇ ਨੂੰ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦੁਆਇਆ। ਇਸ ਦੌਰਾਨ ਪਿਛਲੇ ਦਿਨੀਂ ‘ਆਪ’ ਵਿਚ ਗਏ ਹੈਪੀ ਝੁੱਟੀਕਾ ਨੇ ਅੱਜ ਵਿੱਤ ਮੰਤਰੀ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿੱਚ ‘ਘਰ ਵਾਪਸੀ’ ਕਰ ਲਈ। ਝੁੱਟੀਕਾ ਨੇ ‘ਆਪ’ ’ਤੇ ਦੋਸ਼ ਲਾਇਆ ਕਿ ਉਹ ਹੁਣ ‘ਖਾਸ’ ਬਣ ਗਈ ਹੈ ਅਤੇ ਉਸ ਦੇ ਤਾਨਸ਼ਾਹ ਆਗੂਆਂ ਵੱਲੋਂ ‘ਬਾਹਰੀ’ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।