ਸ਼ਗਨ ਕਟਾਰੀਆ
ਬਠਿੰਡਾ, 25 ਦਸੰਬਰ
ਸ਼ਹਿਰ ਅੰਦਰ ਛਾਬੜਾ ਪੈਲੇਸ, ਆਦਰਸ਼ ਨਗਰ, ਥਰਮਲ ਕਲੋਨੀ ਅਤੇ ਕਿੰਗ ਫ਼ਿਸ਼ਰ ਰਿਜ਼ੌਰਟ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ’ਤੇ ਮਨਾਏ ਗਏ ਕ੍ਰਿਸਮਸ ਦੇ ਤਿਉਹਾਰ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਮਸੀਹ ਭਾਈਚਾਰੇ ਨੂੰ ਕ੍ਰਿਸਮਸ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ।
ਇਸ ਮੌਕੇ ਵਿੱਤ ਮੰਤਰੀ ਨੇ ਕ੍ਰਿਸਮਸ ਡੇਅ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਰਤ ਈਸਾ ਮਸੀਹ ਦੇ ਆਉਣ ਨਾਲ ਦੁਨੀਆਂ ’ਚ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਦੀ ਮੱਦਦ ਕਰਨਾ, ਬਿਮਾਰ ਦੀ ਸਾਰ ਲੈਣੀ, ਦਰਦਮੰਦਾਂ ਦਾ ਦਰਦ ਵਡਾਉਣਾ ਹਜ਼ਰਤ ਈਸਾ ਮਸੀਹ ਦਾ ਮੁੱਖ ਉਦੇਸ਼ ਸੀ।
ਸ੍ਰੀ ਬਾਦਲ ਨੇ ਇਸ ਮੁਬਾਰਕ ਮੌਕੇ ਪੰਜਾਬ ਸਰਕਾਰ ਦੇ ਫੈਸਲੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਮੂਹ ਕਾਰਪੋਰੇਸ਼ਨਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਮਸੀਹ ਭਾਈਚਾਰੇ ਨੂੰ ਧਰਮਸ਼ਾਲਾ ਅਤੇ ਕਬਰਸਤਾਨਾਂ ਲਈ ਢੁੱਕਵੀਂ ਥਾਂ ਮੁਹੱਈਆ ਕਰਵਾਈ ਜਾਵੇ। ਉਨਾਂ ਇਸ ਮੌਕੇ ਸਥਾਨਕ ਨਰੂਆਣਾ ਰੋਡ ’ਤੇ ਮਸੀਹ ਭਾਈਚਾਰੇ ਲਈ ਲਗਪਗ 2 ਏਕੜ ’ਚ ਕਬਰਸਤਾਨ ਬਣਾਉਣ ਲਈ ਥਾਂ ਮੁਹੱਈਆਂ ਕਰਵਾਉਣ ਦਾ ਐਲਾਨ ਕੀਤਾ। ਇਸ ਸਥਾਨ ’ਤੇ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਨਾਲ ਮਸੀਹ ਭਵਨ ਵੀ ਬਣਾਇਆ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਨਾਲ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਅਗਰਵਾਲ, ਅਰੁਣ ਵਧਾਵਨ, ਮੋਹਨ ਲਾਲ ਝੂੰਬਾ, ਪਵਨ ਮਾਨੀ, ਰਾਜਨ ਗਰਗ, ਟਹਿਲ ਸਿੰਘ ਸੰਧੂ, ਜਗਦੀਸ਼ ਖੁਰਾਣਾ ਅਤੇ ਸੁਸ਼ੀਲ ਖੁਰਾਣਾ ਤੋਂ ਇਲਾਵਾ ਮਸੀਹ ਭਾਈਚਾਰੇ ਨਾਲ ਸਬੰਧਿਤ ਅਹਿਮ ਸ਼ਖ਼ਸ਼ੀਅਤਾਂ ਹਾਜ਼ਰ ਸਨ।