ਮਨੋਜ ਸ਼ਰਮਾ
ਬਠਿੰਡਾ, 30 ਜੁਲਾਈ
ਬਠਿੰਡਾ ਖਪਤਕਾਰ ਫੋਰਮ ਨੇ ਲਹਿਰਾ ਬੇਗਾ ਟੌਲ ਪਲਾਜ਼ਾ ਨੂੰ ਨਿਰਧਾਰਿਤ ਟੌਲ ਰੇਟ ਤੋਂ ਵੱਧ ਟੌਲ ਲੈਣ ਦੇ ਮਾਮਲੇ ਵਿੱਚ 3 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ।
ਗੋਨਿਆਣਾ ਮੰਡੀ ਦੇ ਰਹਿਣ ਵਾਲੇ ਰਾਮ ਮਨੋਹਰ ਨੇ ਦੱਸਿਆ ਕਿ ਬੀਤੇ ਸਾਲ ਉਹ ਲਹਿਰਾ ਬੇਗਾ ਟੌਲ ਪਲਾਜ਼ਾ ਤੋਂ ਆਪਣੀ ਕਾਰ ’ਤੇ ਬਠਿੰਡਾ ਤੋਂ ਬਰਨਾਲਾ ਜਾ ਰਹੇ ਸਨ ਤਾਂ ਉਨ੍ਹਾਂ ਵੱਲੋਂ ਆਪਣੀ ਕਾਰ ’ਤੇ ਲੱਗੇ ਹੋਏ ਫਾਸਟ ਟੈਗ ਰਾਹੀਂ ਸਰਕਾਰ ਵੱਲੋਂ ਨਿਰਾਧਿਤ ਕੀਤੇ ਗਏ 60 ਰੁਪਏ ਅਦਾ ਕੀਤੇ ਗਏ, ਪਰ ਜਦੋਂ ਉਹ ਕੁਝ ਸਮੇਂ ਬਾਅਦ ਵਾਪਿਸੀ ਸਮੇਂ ਲਹਿਰਾ ਬੇਗਾ ਟੌਲ ਪਲਾਜ਼ਾ ਤੋਂ ਗੁਜ਼ਰ ਰਹੇ ਸਨ ਤਾਂ ਲਹਿਰਾ ਬੇਗਾ ਟੌਲ ਪਲਾਜ਼ਾ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਕਾਰ ਉੱਪਰ ਲੱਗੇ ਹੋਏ ਫਾਸਟ ਟੈਗ ਰਾਹੀਂ ਭੁਗਤਾਨ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੂੰ 60 ਰੁਪਏ ਨਗਦ ਦੇਣ ਲਈ ਕਿਹਾ ਪਰ ਉੱਥੇ ਮੌਜੂਦ ਕਰਮਚਾਰੀਆਂ ਵੱਲੋਂ ਤਕਨੀਕੀ ਖਰਾਬੀ ਕਾਰਨ ਐਨ.ਐਚ.ਏ. ਵੱਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਦਿਆਂ 60 ਰੁਪਏ ਨਗਦ ਵਸੂਲ ਕਰ ਲਏ ਗਏ। ਇਸ ਕਾਰਨ ਉਨ੍ਹਾਂ ਵੱਲੋਂ ਕਜ਼ਿਉਮਰ ਕੋਰਟ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ।
ਰਾਮ ਮਨੋਹਰ ਦੇ ਵਕੀਲ ਵਰੁਣ ਬਾਂਸਲ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੇ ਤਹਿਤ ਲਹਿਰਾ ਬੇਗਾ ਟੌਲ ਪਲਾਜ਼ਾ ਵਾਲਿਆਂ ਨੂੰ ਚਾਹੀਦਾ ਸੀ ਕਿ ਉਹ ਕਾਰ ਉੱਪਰ ਲੱਗੇ ਹੋਏ ਫਾਸਟ ਟੈਗ ਵਿੱਚੋਂ ਆਉਣ ਜਾਣ ਦੇ ਕੁੱਲ 90 ਰੁਪਏ ਵਸੂਲ ਕਰਨ ਅਤੇ ਜੇਕਰ ਉਨ੍ਹਾਂ ਦੇ ਸਿਸਟਮ ਵਿੱਚ ਕੋਈ ਖਰਾਬੀ ਸੀ ਤਾਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਕੋਈ ਵੀ ਪੈਸਾ ਵਸੂਲ ਨਹੀਂ ਕਰਨਾ ਚਾਹੀਦਾ ਸੀ ਪਰ ਲਹਿਰਾ ਬੇਗਾ ਟੌਲ ਪਲਾਜ਼ਾ ਵਾਲਿਆ ਵੱਲੋਂ ਗੈਰਕਾਨੂੰਨੀ ਤੌਰ ’ਤੇ ਵੱਧ ਟੌਲ ਵਸੂਲ ਕੀਤਾ ਗਿਆ, ਜਿਸ ਕਾਰਨ ਜ਼ਿਲ੍ਹਾ ਉਪਭੋਗਤਾ ਝਗੜਾ ਨਿਵਾਰਨ ਕਮਿਸ਼ਨ ਦੇ ਜੱਜ ਕੰਵਰ ਸੰਦੀਪ ਵੱਲੋਂ ਆਪਣਾ ਫੈਂਸਲਾ ਸੁਣਾਉਂਦਿਆਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ 3 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ।