ਪੱਤਰ ਪ੍ਰੇਰਕ
ਬਠਿੰਡਾ, 9 ਫਰਵਰੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਨ੍ਹਾਂ ਨੂੰ ਕੋਈ ਪਾਰਟ ਟਾਈਮ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਕਿ ਸੂਬੇ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ 13 ਕਾਂਸਟੀਚੂਐਂਟ ਕਾਲਜ ਚੱਲ ਰਹੇ ਹਨ। ਮਾਲਵੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ 13 ਕਾਂਸਟੀਚੂਐਂਟ ਕਾਲਜਾਂ, ਵਿੱਚੋਂ 5 ਨੇੜਲੇ ਕੈਂਪਸਾਂ (ਮਾਨਸਾ, ਸੰਗਰੂਰ ਅਤੇ ਬਠਿੰਡਾ) ਅਤੇ ਦੋ ਖੇਤਰੀ ਕੇਂਦਰਾਂ (ਮੁਹਾਲੀ ਅਤੇ ਬਠਿੰਡਾ) ਵਿੱਚ 180 ਦੇ ਕਰੀਬ ਗੈਸਟ ਲੈਕਚਰਾਰ ਹਨ, ਜਿਨ੍ਹਾਂ ਨੂੰ ਸਾਲਾਨਾ ਆਧਾਰ ‘ਤੇ 8 ਤੋਂ 9 ਮਹੀਨਿਆਂ ਲਈ ਅਸਥਾਈ ਤੌਰ ‘ਤੇ 21,600 ਰੁਪਏ ਮਹੀਨਾਵਾਰ ਤਨਖਾਹ ’ਤੇ ਰੱਖਿਆ ਗਿਆ ਹੈ।
29 ਸਾਲਾ ਕਿਰਨਜੀਤ ਕੌਰ, ਜੋ ਕਿ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੀ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਸਤੰਬਰ 2021 ਤੋਂ ਤਨਖਾਹਾਂ ਨਹੀਂ ਮਿਲੀਆਂ। ਕਿਰਾਏ ਦੇ ਖਰਚਿਆਂ ਦਾ ਪ੍ਰਬੰਧ ਕਰਨ ਲਈ ਉਹ ਪਾਰਟ ਟਾਈਮ ਵਜੋਂ ਆਰਟ ਅਤੇ ਕਰਾਫਟ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ, ਇੱਕ ਹੋਰ ਗੈਸਟ ਫੈਕਲਟੀ ਮੈਂਬਰ ਨੇ ਕਿਹਾ ਕਿ ਇਹ ਸੱਚਮੁੱਚ ਔਖਾ ਅਤੇ ਸ਼ਰਮਨਾਕ ਤਜਰਬਾ ਹੈ। ਸਹਾਇਕ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਸਬੰਧਤ ਅਧਿਕਾਰੀ ਸਾਨੂੰ ਤਨਖਾਹਾਂ ਨਾ ਦੇਣ ਦਾ ਕੋਈ ਨਾ ਕੋਈ ਬਹਾਨਾ ਘੜਦੇ ਰਹਿੰਦੇ ਹਨ। ਕੁਝ ਕੁ ਨੂੰ ਛੱਡ ਕੇ, ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚਿਊਟ ਕਾਲਜਾਂ ਵਿੱਚ ਪੜ੍ਹਾ ਰਹੇ ਜ਼ਿਆਦਾਤਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਿਛਲੇ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਉਨ੍ਹਾਂ ਲਈ ਘਰ ਦੇ ਖਰਚੇ ਚੁੱਕਣੇ ਬਹੁਤ ਮੁਸ਼ਕਲ ਹਨ।
ਕੀ ਕਹਿੰਦੇ ਨੇ ਅਧਿਕਾਰੀ
ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਬੀ.ਐਸ.ਸੰਧੂ ਨੇ ਕਿਹਾ, “ਮੇਰੀ ਜਾਣਕਾਰੀ ਅਨੁਸਾਰ ਰੈਗੂਲਰ ਦੇ ਨਾਲ-ਨਾਲ ਠੇਕੇ _’ਤੇ ਰੱਖੇ ਗਏ ਗੈਸਟ ਫੈਕਲਟੀ ਸਟਾਫ਼ ਮੈਂਬਰਾਂ ਨੂੰ ਤਨਖ਼ਾਹਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮੈਨੂੰ ਕਿਸੇ ਤੋਂ ਵੀ ਤਨਖ਼ਾਹ ਨਾ ਮਿਲਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ| ਉਨ੍ਹਾਂ ਫਾਇਨਾਂਸ ਵਿਭਾਗ ’ਤੇ ਗੱਲ ਸੁੱਟਦਿਆਂ ਕਿਹਾ ਇਸ ਬਾਰੇ ਸਹੀ ਵੇਰਵੇ ਫਾਇਨਾਂਸ ਅਫ਼ਸਰ ਦੇ ਸਕਦੇ ਹਨ ਕਿ ਕਿਸ ਨੂੰ ਤਨਖਾਹ ਮਿਲੀ ਅਤੇ ਕਿਸ ਨੂੰ ਨਹੀਂ।