ਪੱਤਰ ਪ੍ਰੇਰਕ
ਬਠਿੰਡਾ, 9 ਅਕਤੂਬਰ
ਬਠਿੰਡਾ ਦੇ ਜੋਗੀ ਨਗਰ ਵਿਚ ਅੱਜ ਦੁਪਹਿਰ ਅੱਗ ਲੱਗਣ ਕਾਰਨ ਇਕ ਮਕਾਨ ਬੁਰੀ ਤਰ੍ਹਾਂ ਸੜ ਗਿਆ ਜਿਸ ਕਾਰਨ ਮਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਜੋਗੀ ਨਗਰ ਵਿਖੇ ਗਲੀ ਨੰਬਰ 3/5 ਵਿਚ ਧਰਮਸ਼ਾਲਾ ਨਜ਼ਦੀਕ ਦਇਆ ਰਾਮ ਪੁੱਤਰ ਰਾਮਜੀ ਦਾਸ ਮਕਾਨ ਨੂੰ 31209 ਦੇ ਮਕਾਨ ਨੂੰ ਅੱਗ ਲੱਗੀ ਹੈ ਜਿਥੇ ਮੌਕੇ ’ਤੇ ਜਾ ਕੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਇਸ ਦੌਰਾਨ ਮਕਾਨ ਮਾਲਕ ਦਾ ਇੱਕ ਮੋਟਰਸਾਈਕਲ, ਡਬਲਬੈੱਡ, ਐਲਸੀਡੀ, ਦਰਵਾਜ਼ੇ, ਸੋਫਾ ਸੈਟ ਸਮੇਤ ਉਸ ਦੇ ਘਰ ਅੰਦਰ ਪਿਆ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮਕਾਨ ਮਾਲਕ ਅਨੁਸਾਰ ਉਸ ਦਾ ਤਕਰੀਬਨ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰਕ ਮੈਂਬਰ ਸੋਨੂੰ ਅਨੁਸਾਰ ਫਾਇਰ ਬ੍ਰਿਗੇਡ ਗੱਡੀ ਬਾਅਦ ਵਿਚ ਪੁੱਜੀ ਜਦੋਂ ਸਭ ਕੁੱਝ ਸੜ ਕੇ ਸੁਆਹ ਹੋ ਚੁੱਕਿਆ ਸੀ। ਫਾਇਰ ਅਫਸਰ ਬੀਰੇਂਦਰ ਸਿੰਘ ਨੇ ਅੱਗ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ।