ਪਰਸ਼ੋਤਮ ਬੱਲੀ
ਬਰਨਾਲਾ, 20 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਵਿੱਚ ਬਰਨਾਲਾ ਇਲਾਕੇ ਦੀਆਂ ਭਰਾਤਰੀ ਜੱਥੇਬੰਦੀਆਂ ਦੇ ਵਫ਼ਤ ਨੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਮੰਗ ਕੀਤੀ ਕਿ ਜਮਹੂਰੀ ਹੱਕਾਂ ਦੇ ਉੱਘੇ ਕਾਰਕੁਨ ਤੇ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸਜ਼ਾ ਰੱਦ ਕੀਤੀ ਜਾਵੇ ਤੇ ਗ੍ਰਿਫ਼ਤਾਰ ਤੀਸਤਾ ਸੀਤਲਵਾੜ ਨੂੰ ਰਿਹਾਅ ਕੀਤਾ ਜਾਵੇ। ਇਸ ਸਬੰਧੀ ਭਾਰਤ ਦੇ ਰਾਸ਼ਟਰਪਤੀ ਨਾਂ ਮੰਗ ਵੀ ਸੌਂਪਿਆ। ਆਗੂਆਂ ਕਿਹਾ ਕਿ ਦੇਸ਼ ਭਰ ਅੰਦਰ ਆਮ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਹਕੂਮਤੀ ਧੱਕੇਸ਼ਾਹੀਆਂ ਤੇ ਜ਼ਬਰ ਜ਼ੁਲਮ ਵਿਰੁੱਧ ਜਮਹੂਰੀ ਢੰਗਾਂ ਨਾਲ ਆਵਾਜ਼ ਉਠਾਉਣ ਅਤੇ ਕਾਨੂੰਨੀ ਮਦਦ ਕਰਨ ਵਾਲੇ ਜਮਹੂਰੀ ਕਾਰਕੁਨ ਹਿਮਾਂਸ਼ੂ ਕੁਮਾਰ ਨੂੰ ਸੁਪਰੀਮ ਕੋਰਟ ਵੱਲੋਂ 5,00,000 (ਪੰਜ ਲੱਖ) ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਜੁਰਮਾਨਾ ਨਾ ਦੇ ਸਕਣ ਦੀ ਹਾਲਤ ਵਿੱਚ ਉਸ ਨੂੰ ਜੇਲ੍ਹ ਜਾਣਾ ਪਵੇਗਾ। ਕਿਹਾ ਕਿ ਹਿਮਾਂਸ਼ੂ ਕੁਮਾਰ ਨੇ ਛੱਤੀਸਗੜ੍ਹ ਦੇ ਆਦਿਵਾਸੀਆਂ ਉੱਤੇ ਕੁੱਝ ਸਾਲ ਪਹਿਲਾਂ ਸੁਰੱਖਿਆ ਬਲਾਂ ਰਾਹੀਂ ਢਾਹੇ ਜਬਰ ਵਿਰੁੱਧ ਜਮਹੂਰੀ ਢੰਗਾਂ ਨਾਲ ਆਵਾਜ਼ ਉਠਾਈ ਸੀ। ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਹਿਮਾਂਸ਼ੂ ਕੁਮਾਰ ਨੂੰ ਜੁਰਮਾਨੇ ਦੀ ਸਜ਼ਾ ਰੱਦ ਕੀਤੀ ਜਾਵੇ। ਇਸੇ ਤਰ੍ਹਾਂ ਜਮਹੂਰੀ ਹੱਕਾਂ ਦੇ ਜਨਤਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਸੁਧਾ ਭਾਰਦਵਾਜ ਸਮੇਤ ਕਈ ਹੋਰਾਂ ਵਿਰੁੱਧ ਦੇਸ਼ਧ੍ਰੋਹੀ ਵਰਗੇ ਝੂਠੇ ਦਰਜ ਪੁਲੀਸ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਬਾਇੱਜ਼ਤ ਰਿਹਾਅ ਕੀਤਾ ਜਾਵੇ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਤਰਕਸ਼ੀਲ ਸੁਸਾਇਟੀਆਂ ਵੱਲੋਂ ਰਜਿੰਦਰ ਭਦੌੜ, ਅਮਿਤ ਮਿੱਤਰ, ਪਲੰਸ ਮੰਚ ਵੱਲੋਂ ਹਰਵਿੰਦਰ ਦੀਵਾਨਾ, ਕਮਲਜੀਤ ਕੌਰ, ਪਰਮਜੀਤ ਕੌਰ ਅਤੇ ਹੋਰ ਵੱਖ ਵੱਖ ਆਗੂ ਸ਼ਾਮਲ ਸਨ। ਇਸ ਮੌਕੇ ਚਮਕੌਰ ਸਿੰਘ ਨੈਣੇਵਾਲ ਵੱਲੋਂ ਦੱਸਿਆ ਗਿਆ ਕਿ ਪਾਣੀਆਂ ਦੀਆਂ ਹੋ ਰਹੀ ਬਰਬਾਦੀ ਖ਼ਿਲਾਫ਼ 21 ਤੋਂ 25 ਜੁਲਾਈ ਤੱਕ ਇਲਾਕਾ ਪੱਧਰੀ ਧਰਨਾ ਟਰਾਈਡੈਂਟ ਫੈਕਟਰੀ ਦੇ ਧੌਲਾ ਕੰਪਲੈਕਸ ਅੱਗੇ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਭਰਵੀਂ ਸ਼ਿਰਕਤ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ।
ਬਠਿੰਡਾ(ਮਨੋਜ ਸ਼ਰਮਾ): ਮਨੁੱਖੀ ਅਧਿਕਾਰ ਕਾਰਕੁਨ ਹਿਮਾਂਸ਼ੂ ਕੁਮਾਰ ਦੀ ਸਜ਼ਾ ਰੱਦ ਕਰਾਉਣ ਲਈ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।