ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਦਸੰਬਰ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਬੱਸਾਂ ਬੰਦ ਹੋਣ ਕਾਰਣ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਭਲਕੇ 10 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਬਠਿੰਡਾ ਡਿੱਪੂ ਦੇ ਗੇਟ ’ਤੇ ਡਿਪੂ ਦੇ ਪ੍ਰਧਾਨ ਸੰਦੀਪ ਗਰੇਵਾਲ, ਮੀਤ ਪ੍ਰਧਾਨ ਗੁਰਦੀਪ ਝੁਨੀਰ ਤੇ ਖ਼ਜ਼ਾਨਚੀ ਰਵਿੰਦਰ ਸਿੰਘ ਨੇ ਸੰਬੋਧਨ ਕੀਤਾ। ਜਥੇਬੰਦੀ ਦੇ ਆਗੂ ਹਰਤਾਰ ਸਿੰਘ ਤੇ ਰੇਸ਼ਮ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਹੱਕੀ ਮੰਗਾਂ ਦਾ ਹੱਲ ਕਰੇ ਅਤੇ ਧੱਕੇਸ਼ਾਹੀ ਬੰਦ ਕਰੇ।
ਮਾਨਸਾ (ਪੱਤਰ ਪ੍ਰੇਰਕ): ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੈ।ਭਾਵੇਂ ਇਹ ਹੜਤਾਲ ਲਗਾਤਾਰ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ, ਪਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਫ਼ਰ ਕਰਨ ਲਈ ਹੁਣ ਪ੍ਰਾਈਵੇਟ ਬੱਸਾਂ ਦੇ ਰਹਿਮੋ-ਕਰਮ ’ਤੇ ਛੱਡਿਆ ਹੋਇਆ ਹੈ ਅਤੇ ਇਸ ਹੜਤਾਲ ਕਾਰਨ ਲੋਕ ਬੇਹੱਦ ਦੁਖੀ ਹੋਏ। ਲੰਬੇ ਸਫ਼ਰ ਕਰਨ ਵਾਲੀ ਸਵਾਰੀ ਦਾ ਬਹੁਤ ਮਾੜਾ ਹਾਲ ਹੋਇਆ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਝੁਨੀਰ ਨੇ ਦੱਸਿਆ ਕਿ ਮੰਗਾਂ ਨਾ ਮੰਨਣ ਤੱਕ ਹੜਤਾਲ ਜਾਰੀ ਰਹੇਗੀ।