ਸ਼ਗਨ ਕਟਾਰੀਆ
ਬਠਿੰਡਾ, 6 ਜੂਨ
ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਅੱਜ ਇਥੇ ਪੀਆਰਟੀਸੀ ਦੇ ਡਿੱਪੂ ਅੱਗੇ ਗੇਟ ਰੈਲੀ ਕਰਕੇ ਆਪਣੀਆਂ ਮੰਗਾਂ ਲਈ ਆਵਾਜ਼ ਚੁੱਕੀ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਅਤੇ ਬਠਿੰਡਾ ਡਿੱਪੂ ਦੇ ਜਨਰਲ ਸਕੱਤਰ ਕੁਲਦੀਪ ਬਾਦਲ ਨੇ ਇਸ ਮੌਕੇ ਕਿਹਾ ਕਿ ਮਾਨ ਸਰਕਾਰ ਵੱਲੋਂ ਬੱਸ ਕਾਮਿਆਂ ਦੀਆਂ ਲੰਮੇ ਅਰਸੇ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਇਕ ਅਦਾਰੇ ’ਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦਿੱਤੀ ਜਾਵੇ। ਯੂਨੀਅਨ ਦੇ ਪ੍ਰੈਸ ਸਕੱਤਰ ਮਨਪ੍ਰੀਤ ਹਾਕੂਵਾਲਾ ਨੇ ਕਿਹਾ ਕਿ ਬਠਿੰਡਾ ਡਿੱਪੂ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇਸ ਵਾਰ ਕੱਚੇ ਕਰਮਚਾਰੀਆਂ ਦਾ ਸਾਥ ਦੇ ਰਹੀਆਂ ਹਨ ਅਤੇ ਮੰਗਾਂ ਖ਼ਾਤਰ ਉਹ 8, 9 ਅਤੇ 10 ਜੂਨ ਨੂੰ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂ ਹਰਤਾਰ ਸ਼ਰਮਾ, ਸੰਦੀਪ ਜਾਖੜ, ਰਾਜਪਾਲ ਸਿੰਘ, ਸੰਦੀਪ ਸ਼ੈਪੂ, ਰੇਸ਼ਮ ਸਿੰਘ, ਗੁਲਜ਼ਾਰ ਢਿੱਲੋਂ, ਹਰਬੰਸ ਭੋਲਾ ਆਦਿ ਹਾਜ਼ਰ ਸਨ।
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਪੀਆਰਟੀਸੀ ਬਰਨਾਲਾ ਡਿਪੂ ਦੇ ਗੇਟ ਅੱਗੇ ਰੈਲੀ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਡਿੱਪੂ ਪ੍ਰਧਾਨ ਨਿਰਪਾਲ ਸਿੰਘ ਪੱਪੂ ਨੇ ਕਿਹਾ ਕਿ ਮੰਗਾਂ ਸਬੰਧੀ ਯੂਨੀਅਨ ਵਫ਼ਦ ਨਾਲ ਟਰਾਂਸਪੋਰਟ ਮੰਤਰੀ ਵੱਲੋਂ ਭਰੋਸੇ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਸਗੋਂ ਟਾਲਾ ਵੱਟਿਆ ਜਾ ਰਿਹਾ ਹੈ। ਡਿਪੂ ਮੀਤ ਪ੍ਰਧਾਨ ਬਿੰਦਰ ਸਿੰਘ ਨੇ ਕਿਹਾ ਕਿ ਠੇਕਾ ਕਾਮਿਆਂ ਨੂੰ ਪੱਕਾ ਕਰਨਾ ਤਾਂ ਦੂਰ ਨਿਗੂਣੀ ਤਨਖਾਹ ਲੈਣ ਲਈ ਵੀ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ, ਬੱਸਾਂ ਵਿੱਚ ਡੀਜ਼ਲ ਮੁੱਕਿਆ ਰਹਿੰਦਾ ਹੈ, ਸਵਾਰੀਆਂ ਨੂੰ ਟਿਕਟਾਂ ਜਾਰੀ ਕਰਨ ਲਈ ਟਿਕਟ ਰੋਲ ਤੱਕ ਡਿਪੂਆਂ ਵਿੱਚ ਮੌਜੂਦ ਨਹੀਂ ਹਨ। ਇਸ ਤੋਂ ਸਰਕਾਰ ਦੀ ਇਸ ਵਿਭਾਗ ਪ੍ਰਤੀ ਲਾਪ੍ਰਵਾਹੀ ਤੇ ਅਵੇਸਲਾਪਣ ਸਪੱਸ਼ਟ ਹੁੰਦਾ ਹੈ। ਇਹੋ ਹਾਲ ਰਿਹਾ ਤਾਂ ਨਵੀਆਂ ਪਾਈਆਂ ਬੱਸਾਂ ਦੀਆਂ ਕਿਸ਼ਤਾਂ ਵੀ ਨਹੀਂ ਤਾਰ ਹੋਣੀਆਂ। ਸੂਬਾ ਆਗੂ ਰਣਧੀਰ ਸਿੰਘ ਨੇ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਲੁੱਟ-ਖਸੁੱਟ ਜਾਰੀ ਹੈ। ਚੇਅਰਮੈਨ ਮਨਜੀਤ ਸਿੰਘ, ਸੈਕਟਰੀ ਸੁਖਪਾਲ ਸਿੰਘ, ਵਾਈਸ ਚੇਅਰਮੈਨ ਜਸਵੀਰ ਸਿੰਘ, ਮਨਜੀਤ ਸਿੰਘ ਦੀਵਾਨਾ, ਗੁਰਮੇਲ ਸਿੰਘ ਤੇ ਗੁਰਪ੍ਰੀਤ ਸੇਖਾ ਨੇ ਦੱਸਿਆ ਕਿ ਟਾਈਮ ਟੇਬਲ ਸਮੇਤ ਨਾਜਾਇਜ਼ ਚੱਲਦੀਆਂ ਬੱਸਾਂ ਬਾਰੇ ਕਿਹਾ ਕਿ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਟਾਈਮਾਂ ਨੂੰ ਕੱਟ ਕੇ ਧੜਾਧੜ ਪ੍ਰਾਈਵੇਟ ਬੱਸਾਂ ਨੂੰ ਟਾਈਮ ਟੇਬਲ ਵਿੱਚ ਮੁਨਾਫੇ ਵਾਲੇ ਰੂਟਾਂ ’ਤੇ ਪਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ, ਕੱਢੇ ਮੁਲਾਜ਼ਮਾਂ ਦੀ ਬਹਾਲੀ ਸਮੇਤ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ।