ਸ਼ਗਨ ਕਟਾਰੀਆ
ਬਠਿੰਡਾ, 8 ਫਰਵਰੀ
ਬੂਥ ਲੈਵਲ ਅਫ਼ਸਰ ਆਪਣੇ ਮਹਿਕਮਿਆਂ ਦੀ ਡਿਊਟੀ ਦੇ ਉਪਰੋਂ ਚੋਣ ਕਮਿਸ਼ਨ ਵੱਲੋਂ ਦਿੱਤੀ ਚੋਣ ਡਿਊਟੀ ਤੋਂ ਅੱਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵੱਲੋਂ ਨਿਗੂਣੇ ਮਿਹਨਤਾਨੇ ਨਾਲ ਵੋਟਾਂ ਦੀ ਸੁਧਾਈ ਤੋਂ ਬਿਨਾਂ ਕਈ ਤਰ੍ਹਾਂ ਦੇ ਸਰਵੇ ਵੀ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਪੋਲਿੰਗ ਬੂਥ ਦੇ ਪ੍ਰਬੰਧ ਦਾ ਕੰਮ ਵੀ ਬੀਐੱਲਓ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਰੰਜ਼ ਹੈ ਕਿ ਪੋਲਿੰਗ ਬੂਥ ’ਤੇ ਹਰ ਤਰ੍ਹਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਬੀਐੱਲਓ ਸਿਰ ਪਾ ਕੇ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਖਹਿੜਾ ਛੁਡਾ ਰਹੇ ਹਨ।
ਆਪਣੀਆਂ ਮੁਸ਼ਕਿਲਾਂ ਸਬੰਧੀ ਅੱਜ ਬੀਐੱਲਓ ਯੂਨੀਅਨ ਜ਼ਿਲ੍ਹਾ ਬਠਿੰਡਾ ਵੱਲੋਂ ਕੀਤੀ ਗਈ ਮੀਟਿੰਗ ਬਾਰੇ ਦੱਸਦਿਆਂ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਸੰਧੂ, ਭੋਲਾ ਰਾਮ ਤਲਵੰਡੀ, ਹਰਮਿੰਦਰ ਸਿੰਘ ਮਾਨ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਮਹਿਕਮਿਆਂ ਵਿਚੋਂ ਨਿਯੁਕਤ ਕੀਤੇ ਬੀਐੱਲਓਜ਼ ਸਾਰੇ ਕੰਮਾਂ ਲਈ ਚੋਣ ਕਮਿਸ਼ਨ ਵੱਲੋਂ ਦਿੱੱਤੇ ਜਾਂਦੇ ਨਿਗੂਣੇ ਮਿਹਨਤਾਨੇ ਨਾਲੋਂ ਦੁੱਗਣਾ ਖਰਚ, ਜਿੱਥੇ ਉਹ ਆਪਣੀਆਂ ਜੇਬਾਂ ਵਿਚੋਂ ਕਰਦੇ ਹਨ, ਉੱਥੇ ਛੁੱਟੀਆਂ ਵਾਲੇ ਦਿਨਾਂ ਦੌਰਾਨ ਵੀ ਬਿਨਾਂ ਕੋਈ ਇਵਜ਼ੀ ਛੁੱਟੀ ਦਿੱੱਤੇ ਕੰਮ ਕੀਤਾ ਜਾਂਦਾ ਹੈ।
ਉਨ੍ਹਾਂ ਕਮਿਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਿਹਨਤਾਨਾ ਘੱਟੋ-ਘੱਟ 31000 ਰੁਪਏ ਕੀਤਾ ਜਾਵੇ। ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੰਮ ਬੀਐੱਲਓਜ਼ ਤੋਂ ਨਾ ਲਿਆ ਜਾਵੇ। ਮੰਗਾਂ ਸਬੰਧੀ ਬੀ.ਐੱਲ.ਓ. ਯੂਨੀਅਨ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮੀਟਿੰਗ ਵਿੱਚ ਸਿਕੰਦਰ ਧਾਲੀਵਾਲ, ਬਲਰਾਜ ਮੌੜ, ਜਸਪ੍ਰੀਤ ਸਿੰਘ ਸਿੱਧੂ, ਹਰਿੰਦਰ ਸਿੰਘ ਮੱਲਕੇ ਆਦਿ ਹਾਜ਼ਰ ਸਨ।