ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਅਕਤੂਬਰ
ਇੱਥੋਂ ਦੇ ਸ਼ਹੀਦ ਮਨੀ ਸਿੰਘ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ’ਚੋਂ ਏਡਜ਼ ਪੀੜਤ ਖੂਨਦਾਨੀ ਦਾ ਖੂਨ ਦੋ ਲੋੜਵੰਦਾਂ ਨੂੰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਸੋਸ਼ਲ ਮੀਡੀਆ ’ਤੇ ਇਕ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚ ਉਜਾਗਰ ਹੋਇਆ ਹੈ।
ਰਿਪੋਰਟ ਅਨੁਸਾਰ ਏਡਜ਼ ਪੀੜਤ ਰਜਿੰਦਰ ਕੁਮਾਰ ਦਾ ਖੂਨ ਬਲੱਡ ਬੈਂਕ ਦੀ ਇਕ ਐੱਮਐੱਲਟੀ ਵੱਲੋਂ ਇਕ ਮਹਿਲਾ ਮਰੀਜ਼ ਲਈ ਲੰਘੀ 5 ਮਈ ਨੂੰ ਜਾਰੀ ਕੀਤਾ ਗਿਆ। ਦੂਜੀ ਵਾਰ ਇਸੇ ਐੱਮਐੱਲਟੀ ਵੱਲੋਂ ਉਸੇ ਖੂਨਦਾਨੀ ਦਾ ਖੂਨ ਥੈਲੇਸੀਮੀਆ ਤੋਂ ਪੀੜਤ ਸੱਤ ਸਾਲਾ ਬੱਚੀ ਨੂੰ 3 ਅਕਤੂਬਰ ਨੂੰ ਜਾਰੀ ਕੀਤਾ ਗਿਆ। ਜਾਂਚ ਕਮੇਟੀ ਅਨੁਸਾਰ ਦੋਵਾਂ ਮਾਮਲਿਆਂ ’ਚ ਬਲੱਡ ਬੈਂਕ ਦੀ ਇੰਚਾਰਜ ਬੀਟੀਓ ਡਾਕਟਰ ਨੇ ਆਪਣੀ ਡਿਊਟੀ ’ਚ ਅਣਗਹਿਲੀ ਵਰਤੀ ਤੇ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ ਖੂਨਦਾਨੀ ਦੇ ਪਾਜ਼ੇਟਿਵ ਹੋਣ ਦਾ ਪਤਾ ਮਈ 2020 ਵਿਚ ਹੀ ਲੱਗ ਗਿਆ ਸੀ ਪਰ ਉਸ ਨੇ ਆਪਣੇ ਆਹਲਾ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ।
ਰਿਪੋਰਟ ਅਨੁਸਾਰ ਸਭ ਤੋਂ ਸੀਨੀਅਰ ਐੱਲਟੀ ਦੇ ਖੂਨ ਜਾਰੀ ਕਰਨ ਵਾਲੇ ਐੱਲਟੀ ਨਾਲ ਸਬੰਧ ਸੁਖਾਵੇਂ ਨਹੀਂ ਸਨ। ਭਾਵੇਂ ਸੀਨੀਅਰ ਐੱਲਟੀ ਨੇ ਪੜਤਾਲੀਆ ਟੀਮ ਨੂੰ ਕਿਹਾ ਕਿ ਉਹ ਖੂਨਦਾਨੀ ਨੂੰ ਨਹੀਂ ਜਾਣਦਾ ਪਰ ਹਕੀਕੀ ਤੌਰ ’ਤੇ ਉਸ ਨੂੰ ਇਹ ਜਾਣਕਾਰੀ ਸੀ ਕਿ ਉਹੀ ਖੂਨਦਾਨੀ ਮਈ 2020 ਦੌਰਾਨ ਆਪਣਾ ਖੂਨ ਦਾਨ ਕਰ ਚੁੱਕਾ ਹੈ ਅਤੇ ਉਸ ਦਾ ਖੂਨ ਕਿਸੇ ਮਰੀਜ਼ ਨੂੰ ਲੱਗ ਚੁੱਕਾ ਹੈ।
ਕਮੇਟੀ ਅਨੁਸਾਰ ਸੀਨੀਅਰ ਐੱਲਟੀ ਨੇ ਆਪਣੀ ਨਿੱਜੀ ਰੰਜਿਸ਼ ਖ਼ਾਤਰ 1 ਅਕਤੂਬਰ ਨੂੰ ਆਪਣੇ ਫ਼ੋਨ ’ਤੇ ਸੱਦਾ ਭੇਜ ਕੇ ਉਸੇ ਖੂਨਦਾਨੀ ਨੂੰ ਖੂਨ ਦੇਣ ਲਈ ਸਿਵਲ ਹਸਪਤਾਲ ਵਿਚ ਬੁਲਾਇਆ ਅਤੇ ਖੂਨ ਥੈਲੇਸੀਮੀਆ ਤੋਂ ਪੀੜਤ ਬੱਚੀ ਲਈ ਜਾਰੀ ਹੋਣ ਦਿੱਤਾ ਅਤੇ ਲੋੜਵੰਦ ਨੂੰ ਖੂਨ ਲੱਗਣ ਤੋਂ ਬਾਅਦ ਸਬੰਧਤ ਨਰਸ ਨੂੰ ਜਾ ਕੇ ਕਿਹਾ ਕਿ ਬੱਚੀ ਨੂੰ ਤਾਂ ਐੱਚਆਈਵੀ ਪਾਜ਼ੇਟਿਵ ਖੂਨ ਲੱਗ ਗਿਆ ਹੈ। ਉਸ ਨੇ ਬਗੈਰ ਕਿਸੇ ਸਮਰੱਥ ਅਧਿਕਾਰੀ ਤੋਂ ਬਲੱਡ ਬੈਗ ਹਾਸਿਲ ਕੀਤਿਆਂ ਖ਼ੁਦ ਹੀ ਲੈਬਾਰਟਰੀ ਵਿਚ ਐੱਚਆਈਵੀ ਲਈ ਰੈਪਿਡ ਟੈਸਟ ਕਰਵਾਇਆ, ਜੋ ਪਾਜ਼ੇਟਿਵ ਆਇਆ। ਇਸ ਪਿੱਛੋਂ ਉਹ ਐੱਸਐੱਮਓ ਦਫ਼ਤਰ ਗਿਆ ਤੇ ਰਿਪੋਰਟ ਉਸ ਨੂੰ ਸੌਂਪ ਦਿੱਤੀ। ਰਿਪੋਰਟ ਅਨੁਸਾਰ ਬਲੱਡ ਬੈਂਕ ਵਿਚ ਐੱਚਆਈਵੀ ਕਿੱਟਾਂ ਦੀ ਵਰਤੋਂ ਵਿਚ ਵੀ ਗੜਬੜ ਹੋ ਰਹੀ ਹੈ।
ਵਾਇਰਲ ਰਿਪੋਰਟ ਬਾਰੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਡਾ. ਮਨਿੰਦਰ ਸਿੰਘ ਨੇ ‘ਜਾਣਕਾਰੀ ਨਾ ਹੋਣ’ ਦੀ ਗੱਲ ਕਹਿੰਦਿਆਂ ਦੱਸਿਆ ਕਿ ਬਲੱਡ ਬੈਂਕ ਦੀ ਇੰਚਾਰਜ ਬੀਟੀਓ ਡਾ. ਕ੍ਰਿਸ਼ਮਾ ਗੋਇਲ, ਐੱਮਐੱਲਟੀ ਰਿਤੂ ਗੋਇਲ ਅਤੇ ਸੀਨੀਅਰ ਐੱਮਐੱਲਟੀ ਬਲਦੇਵ ਸਿੰਘ ਦਾ ਇੱਥੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਪੜਤਾਲ ’ਚ ਤਿੰਨ ਮੁਲਾਜ਼ਮ ਕਸੂਰਵਾਰ: ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੜਤਾਲੀਆ ਰਿਪੋਰਟ ’ਚ ਬੀਟੀਓ ਡਾ. ਕ੍ਰਿਸ਼ਮਾ, ਬਲਦੇਵ ਸਿੰਘ ਅਤੇ ਰਿਤੂ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਤਿੰਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਤਿੰਨਾਂ ਦੀ ਬਦਲੀ ਕਰ ਕੇ ਬਲੱਡ ਬੈਂਕ ’ਚ ਨਵਾਂ ਸਟਾਫ਼ ਤਾਇਨਾਤ ਕੀਤਾ ਗਿਆ ਹੈ।