ਮਨੋਜ ਸ਼ਰਮਾ
ਬਠਿੰਡਾ, 23 ਜੁਲਾਈ
ਸਥਾਨਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਵੱਖ ਵੱਖ ਸੂਬਿਆਂ ਦੇ ਕਰੀਬ 50 ਪੋਸਟ ਗ੍ਰੈਜੂਏਟ ਵਿੱਚ ਡਿਗਰੀ ਕਰ ਰਹੇ ਡਾਕਟਰਾਂ ਨੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਲਾਉਂਦਿਆਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਡਾ. ਉੱਜਵਲ ਬਾਂਸਲ ਅਤੇ ਡਾ. ਕਨਵਰਪ੍ਰੀਤ ਨੇ ਦੋਸ਼ ਲਾਏ ਕਿ ਉਹ ਏਮਸ ਵਿੱਚ ਐੱਮਐੱਸ ਅਤੇ ਐੱਮਡੀ ਦੀ ਡਿਗਰੀ ਕਰ ਰਹੇ ਹਨ। ਉਨ੍ਹਾਂ ਨੂੰ ਏਮਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜਿਸ ਕੋਰਸ ਵਿੱਚ ਡਿਗਰੀ ਕਰ ਰਹੇ ਹਨ, ਉਸ ਨੂੰ ਮਾਨਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਉਹ ਕਿਸੇ ਹੋਰ ਸੰਸਥਾ ਵਿੱਚ ਆਪਣੀ ਡਿਗਰੀ ਪੂਰੀ ਕਰ ਸਕਦੇ ਸਨ। ਹੁਣ ਦੂਜੇ ਕਾਲਜਾਂ ਦੀ ਕੌਂਸਲਿੰਗ ਲੰਘਣ ਤੋਂ ਬਾਅਦ ਸੈਸ਼ਨ ਦੇ ਅੱਧ ਵਿੱਚ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਡਾਕਟਰਾਂ ਨੇ ਦੱਸਿਆ ਕਿ ਉਹ ਦੇਸ਼ ਦੇ ਸਭ ਤੋਂ ਔਖੇ ਜੁਆਇੰਟ ਐਂਟਰੈਂਸ ਟੈਸਟ ਪਾਸ ਕਰਨ ਤੋਂ ਬਾਅਦ ਏਮਸ ਵਿੱਚ ਡਿਗਰੀਆਂ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਡਿਗਰੀ ਨੂੰ ਮਾਨਤਾ ਨਾ ਦੇਣ ਵਾਲੀ ਗੱਲ ਨਾਲ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਇਸ ਨਾਲ ਉਨ੍ਹਾਂ ਦੇ ਮਾਪੇ ਵੀ ਪ੍ਰੇਸ਼ਾਨ ਹਨ। ਸਮੂਹ ਪੋਸਟ ਗ੍ਰੈਜੂਏਟ ਡਾਕਟਰਾਂ ਨੇ ਏਮਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਛੇ ਮਹੀਨੇ ਬਾਅਦ ਅਜਿਹਾ ਫ਼ੈਸਲਾ ਉਨ੍ਹਾਂ ਦਾ ਭਵਿੱਖ ਖ਼ਰਾਬ ਕਰ ਦੇਵੇਗਾ। ਸਮੂਹ ਪੋਸਟ ਗ੍ਰੈਜੂਏਟ ਗ੍ਰੈਜੂਏਟ ਡਾਕਟਰਾਂ ਨੇ ਏਮਜ਼ ਪ੍ਰਸ਼ਾਸਨ ਖ਼ਿਲਾਫ਼ ਤਖ਼ਤੀਆਂ ਫੜ ਕੇ ਰੋਸ ਪ੍ਰਗਟ ਕਰਦੇ ਹੋਏ ਸਵਾਲ ਕੀਤਾ ਕਿ 6 ਮਹੀਨੇ ਬੀਤ ਜਾਂ ’ਤੇ ਅਜਿਹਾ ਕਹਿਣਾ ਡਾਕਟਰਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਤਾਂ ਹੋਰ ਕੀ ਹੈ।
ਦੂਜੇ ਪਾਸੇ, ਏਮਸ ਦੇ ਡੀਨ ਅਤੇ ਬੁਲਾਰੇ ਡਾ. ਸਤੀਸ਼ ਗੁਪਤਾ ਨੇ ਕਿਹਾ ਕਿ ਡਾਕਟਰ ਦੀ ਡਿਗਰੀ ਨੂੰ ਮਾਨਤਾ ਨਾ ਹੋਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਨਰਲ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਸਮੂਹ ਡਾਕਟਰਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਡਿਗਰੀ ਕਰ ਰਹੇ ਡਾਕਟਰ ਦਸੰਬਰ ਵਿੱਚ ਹੋਣ ਜਾ ਰਹੇ ਪੇਪਰਾਂ ਵਿੱਚ ਬੈਠ ਸਕਣਗੇ।