ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਅਗਸਤ
ਗੈਂਗਸਟਰਾਂ ਦੇ ਨਾਂ ’ਤੇ ਧਮਕੀ ਭਰੇ ਫੋਨ ਕਰਕੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਬਿਹਾਰ ਵਿੱਚ ਜਾ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਪ੍ਰਿੰਸ ਕੁਮਾਰ ਵਾਸੀ ਪਿੰਡ ਸਿਸਵਾਂ ਅਤੇ ਵਿਕਾਸ ਕੁਮਾਰ ਵਾਸੀ ਪਿੰਡ ਸੇਵਾਹਾਨ, ਜ਼ਿਲ੍ਹਾ ਪੂਰਬੀ ਚੰਪਾਰਨ, ਬਿਹਾਰ ਵਜੋਂ ਹੋਈ ਹੈ। ਇਹ ਦੋਵੇਂ ਵਿਅਕਤੀ 21-22 ਸਾਲ ਦੇ ਨੌਜਵਾਨ ਹਨ। ਇਨ੍ਹਾਂ ਕੋਲੋਂ ਪੁਲੀਸ ਨੇ ਲੈਪਟਾਪ, ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੇ ਜਾਅਲੀ ਸ਼ਨਾਖਤ ਕਾਰਡ ਬਰਾਮਦ ਕੀਤੇ ਹਨ।
ਇਸ ਸਬੰਧੀ ਅੱਜ ਸ਼ਾਮ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਕੁਝ ਡਾਕਟਰਾਂ ਨੂੰ ਫਿਰੌਤੀ ਲਈ ਧਮਕੀ ਭਰੇ ਫੋਨ ਆਏ ਸਨ। ਪੁਲੀਸ ਨੇ ਇਸ ਸਬੰਧੀ 29 ਜੁਲਾਈ ਨੂੰ ਥਾਣਾ ਮਜੀਠਾ ਵਿੱਚ ਆਈਪੀਸੀ ਦੀ ਧਾਰਾ 387, 506 ਹੇਠ ਕੇਸ ਦਰਜ ਕੀਤੇ ਸਨ। ਇਸ ਮਾਮਲੇ ਨੂੰ ਹੱਲ ਕਰਨ ਲਈ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਤੇ ਏਸੀਪੀ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਗੈਂਗਸਟਰਾਂ ਦੀ ਨਹੀਂ ਸਗੋਂ ਸਾਈਬਰ ਕਰਾਈਮ ਨਾਲ ਜੁੜੇ ਠੱਗਾਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਏਐੱਸਆਈ ਮਲਕੀਤ ਸਿੰਘ ਤੇ ਚਾਰ ਪੁਲੀਸ ਮੁਲਾਜ਼ਮਾਂ ਦੀ ਟੀਮ ਨੂੰ ਇਨ੍ਹਾਂ ਮੁਲਜ਼ਮਾਂ ਦੀ ਸ਼ਨਾਖ਼ਤ ਅਤੇ ਗ੍ਰਿਫ਼ਤਾਰੀ ਲਈ ਬਿਹਾਰ ਭੇਜਿਆ ਸੀ ਜਿਥੇ ਬਿਹਾਰ ਪੁਲੀਸ ਦੀ ਮਦਦ ਨਾਲ ਇਨ੍ਹਾਂ ਦੋ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਡਾਕਟਰਾਂ ਨੂੰ ਫੋਨ ’ਤੇ ਧਮਕੀ ਦੇ ਕੇ ਫਿਰੌਤੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 31 ਜੁਲਾਈ ਨੂੰ ਡਾ. ਰਜਨੀਸ਼ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਕੋਈ ਅਣਪਛਾਤਾ ਵਿਅਕਤੀ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਕਰ ਕੇ ਵਾਰ ਵਾਰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਿਹਾ ਹੈ। ਉਸ ਕੋਲੋਂ ਪੰਜ ਲੱਖ ਰੁਪਏ ਮੰਗੇ ਗਏ ਹਨ ਅਤੇ ਬੈਂਕ ਖਾਤਾ ਨੰਬਰ ਭੇਜ ਕੇ ਇਸ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ। ਪੈਸੇ ਨਾ ਦੇਣ ਦੀ ਸੂਰਤ ਵਿਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਕੀਤੀ ਮੁੱਢਲੀ ਪੁੱਛ-ਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਸਾਈਬਰ ਅਪਰਾਧ ਉਨ੍ਹਾਂ ਦੇ ਗਰੋਹ ਵੱਲੋਂ ਕੀਤਾ ਗਿਆ ਹੈ। ਪੁਲੀਸ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਕਈ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਹੈ।
ਕਾਂਗਰਸੀ ਆਗੂ ਤੋਂ ਫਿਰੌਤੀ ਮੰਗੀ; ਇਕ ਨਾਮਜ਼ਦ
ਗੁਰਦਾਸਪੁਰ (ਕੇ.ਪੀ ਸਿੰਘ): ਯੂਥ ਕਾਂਗਰਸ ਦੇ ਮੰਡਲ ਪ੍ਰਧਾਨ ਅਤੇ ਵਾਰਡ ਨੰਬਰ 25 ਦੀ ਕੌਂਸਲਰ ਸੁਨੀਤਾ ਮਹਾਜਨ ਦੇ ਪੁੱਤਰ ਨਕੁਲ ਮਹਾਜਨ ਨੂੰ ਧਮਕੀਆਂ ਦੇਣ ਅਤੇ ਉਸ ਤੋਂ ਪੈਸੇ ਮੰਗਣ ਦੇ ਦੋਸ਼ ਹੇਠ ਲਵਪ੍ਰੀਤ ਸਿੰਘ ਨਵੀ ਵਾਸੀ ਸੈਨਪੁਰ ਨਾਮੀ ਨੌਜਵਾਨ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ ਉਰਫ਼ ਨਵੀ ’ਤੇ ਇਰਾਦਾ ਕਤਲ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਦੇ ਮਾਮਲੇ ਪਹਿਲਾਂ ਹੀ ਦਰਜ ਹਨ ਜਦ ਕਿ ਨਕੁਲ ਮਹਾਜਨ ਸਥਾਨਕ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਕਰੀਬੀ ਹੈ। ਨਕੁਲ ਮਹਾਜਨ ਦੀ ਦਰਖਾਸਤ ’ਤੇ ਉਪ ਕਪਤਾਨ ਪੁਲੀਸ (ਡਿਟੈਕਟਿਵ) ਗੁਰਦਾਸਪੁਰ ਵੱਲੋਂ ਕੀਤੀ ਗਈ ਜਾਂਚ ਮਗਰੋਂ ਇਹ ਕੇਸ ਦਰਜ ਕੀਤਾ ਗਿਆ ਹੈ। ਨਕੁਲ ਮਹਾਜਨ ਨੇ ਦੱਸਿਆ ਕਿ ਉਸ ਕੋਲ਼ੋਂ ਬਹੁਤ ਪਹਿਲਾਂ ਤੋਂ ਹੀ ਨਵੀ ਵੱਲੋਂ ਵੱਟਸਐਪ ਕਾਲ ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ।