ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 14 ਅਕਤੂਬਰ
ਚੋਣਾਂ ਦੋਰਾਨ ਕਾਂਗਰਸ ਵਲੋ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਕੋਈ ਵੀ ਵਿਕਾਸ ਦਾ ਕਾਰਜ ਨਹੀ ਛੱਡਿਆ ਜਾਵੇਗਾ। ਇਹ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਵਾਰਡ ਨੰਬਰ 69 ਅਧੀਨ ਪੈਂਦੇ ਇਲਾਕੇ ਰੂਪਨਗਰ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਟਿਊਬਵੈੱਲ ਦਾ ਉਦਘਾਟਨ ਕਰਨ ਸਮੇਂ ਕੀਤਾ। ਸੋਨੀ ਨੇ ਕਿਹਾ ਕਿ ਵਾਰਡ ਨੰਬਰ 69 ਵਿੱਚ ਸਾਰੀਆਂ ਗਲੀਆਂ ਨਾਲੀਆਂ ਦਾ ਨਿਰਮਾਣ ਕਰ ਦਿੱਤਾ ਗਿਆ ਹੈ ਅਤੇ ਹੁਣ ਮੇਨ ਸੜਕਾਂ ਵੀ ਨਵੀਆਂ ਬਣਾਈਆਂ ਜਾਣਗੀਆਂ। ਹਲਕੇ ਦੀਆਂ ਸਾਰੀਆਂ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਿਊਬਵੈਲ ਲਗਵਾਏ ਜਾ ਰਹੇ ਹਨ। 25 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲੀ ਜਾਵੇਗੀ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰੀਨਾ ਚੋਪੜਾ, ਪਰਮਜੀਤ ਸਿੰਘ ਚੋਪੜਾ, ਗੁਰਦੀਪ ਸਿੰਘ, ਰਾਣਾ ਸ਼ਰਮਾ, ਮਿੰਟੂ ਅਰੋੜਾ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।