ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਚਾਰ ਮਹੀਨੇ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਰੋਡਵੇਜ਼ ਦੇ ਦੋ ਸਾਬਕਾ ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਸ਼ਨਾਖਤ ਰਾਜ ਕੁਮਾਰ ਰਾਜੂ ਵਾਸੀ ਪਠਾਨਕੋਟ ਅਤੇ ਤਰਸੇਮ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਰਾਜੂ ਇੱਥੇ ਪੰਜਾਬ ਰੋਡਵੇਜ਼ ਦੇ ਅੰਮ੍ਰਿਤਸਰ ਸਥਿਤ ਡਿੱਪੂ ਅਤੇ ਤਰਸੇਮ ਸਿੰਘ ਪੰਜਾਬ ਰੋਡਵੇਜ਼ ਦੇ ਜਲੰਧਰ ਡਿੱਪੂ ਵਿੱਚ ਤਾਇਨਾਤ ਰਿਹਾ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਦੋਸ਼ ਹੈ ਕਿ ਇਹ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਸਮਾਂ ਪ੍ਰਾਈਵੇਟ ਬੱਸਾਂ ਨੂੰ ਦਿੰਦੇ ਸਨ। ਇਸ ਬਦਲੇ ਪ੍ਰਾਈਵੇਟ ਬੱਸ ਮਾਲਕਾਂ ਕੋਲੋਂ ਕਥਿਤ ਤੌਰ ’ਤੇ ਰਿਸ਼ਵਤ ਲੈਂਦੇ ਸਨ। ਇਨ੍ਹਾਂ ਦੋਵਾਂ ਨੂੰ ਇਸ ਮਾਮਲੇ ਦੀ ਜਾਂਚ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਵਿਭਾਗ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਦੋਵੇਂ ਸਾਬਕਾ ਮੁਲਾਜ਼ਮਾਂ ਖ਼ਿਲਾਫ਼ 30 ਅਪਰੈਲ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਈਪੀਸੀ ਦੀ ਧਾਰਾ 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਸੀ ਪਰ ਇਹ ਉਸ ਵੇਲੇ ਤੋਂ ਹੀ ਗ੍ਰਿਫ਼ਤਾਰੀ ਤੋਂ ਬਚਣ ਦਾ ਯਤਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਆਪਣੇ ਭਰਾ ਦੀ ਗੁਰਦਾਸਪੁਰ ਰਿਹਾਇਸ਼ ’ਤੇ ਲੁਕਿਆ ਹੋਇਆ ਸੀ ਜਦੋਂ ਕਿ ਤਰਸੇਮ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਕੋਲ ਆਤਮ ਸਮਰਪਣ ਕਰ ਦਿੱਤਾ। ਦੋਵਾਂ ਨੂੰ ਗ੍ਰਿਫ਼ਤਾਰ ਕਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।