ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਅਕਤੂਬਰ
ਕਲਮਾਂ ਦਾ ਕਾਫਲਾ ਸਾਹਿਤਕ ਗਰੁੱਪ ਵੱਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਕਾਲਜ ਵਿੱਚ ਸੂਬੇਦਾਰ ਬਲਕਾਰ ਸਿੰਘ ਦੀ ਯਾਦ ਨੂੰ ਸਮਰਪਿਤ ਹੋਏ ਸਨਮਾਨ ਸਮਾਗਮ ਵਿੱਚ ‘ਹਰਫ਼ਾਂ ਦੇ ਅੰਗ ਸੰਗ’, ‘ਸੰਦਲੀ ਪੈੜਾਂ’ ਅਤੇ ‘ਨਿੱਕੀ ਜਿਹੀ ਬਾਤ’ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ। ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰਾ ਅਰਤਿੰਦਰ ਸੰਧੂ, ਭੁਪਿੰਦਰ ਸੰਧੂ, ਜ਼ਮੀਲ ਅਬਦਾਲੀ ਤੇ ਕਾਮਰੇਡ ਬਲਜਿੰਦਰ ਸਿੰਘ ਨੇ ਕੀਤੀ। ਕਲਮਾਂ ਦਾ ਕਾਫਲਾ ਸਾਹਿਤਕ ਗਰੁੱਪ ਦੀ ਸੰਚਾਲਕ ਅਤੇ ਪ੍ਰਮੁੱਖ ਸਾਹਿਤਕਾਰਾ ਗੁਰਜੀਤ ਕੌਰ ਅਜਨਾਲਾ ਨੇ ਕਿਹਾ ਕਿ ਉਹ ਅਜਿਹੇ ਸਮਾਗਮਾਂ ਰਾਹੀਂ ਆਪਣੇ ਪਿਤਾ ਦੀ ਯਾਦ ਨੂੰ ਸਦੀਵੀ ਬਣਾਉਣ ਲਈ ‘ਸੂਬੇਦਾਰ ਬਲਕਾਰ ਸਿੰਘ ਯਾਦਗਾਰੀ ਪੁਰਸਕਾਰ’ ਵੀ ਸਥਾਪਤ ਕਰਨਗੇ। ਰਿਲੀਜ਼ ਪੁਸਤਕਾਂ ਉਪਰ ਰਾਜਵਿੰਦਰ ਢਿੱਲੋਂ, ਰਜਨੀ ਤਰਨ ਤਾਰਨ ਅਤੇ ਸਤਨਾਮ ਕੌਰ ਤੁਗਲਵਾਲਾ ਨੇ ਪਰਚੇ ਪੜ੍ਹੇ। ਰਚਨਾਵਾਂ ਦੇ ਦੌਰ ਵਿੱਚ ਕੁਲਜੀਤ ਸਿੰਘ ਸੇਖੋਂ ਮੋਗਾ, ਮਨਸਾਵਲਪ੍ਰੀਤ ਸਿੰਘ ਅਜਨਾਲਾ, ਅਨੀਤਾ ਪਟਿਆਲਾ, ਧਰਵਿੰਦਰ ਔਲਖ, ਮਨਜੀਤ ਮੀਸ਼ਾ ਆਦਿ ਨੇ ਪੇਸ਼ਕਾਰੀਆਂ ਦਿੱਤੀਆਂ।