ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਸਤੰਬਰ
ਇੱਥੇ ਸ੍ਰੀ ਦਰਬਾਰ ਸਾਹਿਬ ਨੇੜੇ ਕਹੀਆਂ ਵਾਲੇ ਬਾਜ਼ਾਰ ਵਿੱਚ ਬੀਤੇ ਕੱਲ੍ਹ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਵਿੱਚ ਪੁਲੀਸ ਨੇ ਤੀਜੇ ਸ਼ੱਕੀ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਦੀ ਸ਼ਨਾਖਤ ਤਰੁਨਦੀਪ ਸਿੰਘ (15) ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਅਤੇ ਰਮਨਦੀਪ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਇਨ੍ਹਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਗਿਆ। ਪੁਲੀਸ ਨੇ ਕਤਲ ਲਈ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਇਨ੍ਹਾਂ ਤਿੰਨ ਵਿਅਕਤੀਆਂ ਨੇ 22 ਸਾਲਾ ਹਰਮਨਜੀਤ ਸਿੰਘ ਨੂੰ ਝਗੜੇ ਦੌਰਾਨ ਕਤਲ ਕਰ ਦਿੱਤਾ ਸੀ। ਇਹ ਝਗੜਾ ਮਾਮੂਲੀ ਗੱਲ ’ਤੇ ਹੋਇਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡ ਹੋ ਗਈ ਸੀ ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਕਤਲ ਕੀਤਾ ਨੌਜਵਾਨ ਰਾਤ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਜਿੱਥੇ ਨਿਹੰਗ ਬਾਣੇ ਵਿੱਚ ਦੋ ਵਿਅਕਤੀਆਂ ਨਾਲ ਉਸ ਦੀ ਤਕਰਾਰ ਹੋ ਗਈ ਜੋ ਹਰਮਨਜੀਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਸੁੱਟ ਦਿੱਤਾ ਗਿਆ। ਉਹ ਰਾਤ ਭਰ ਉੱਥੇ ਪਿਆ ਰਿਹਾ ਅਤੇ ਵਧੇਰੇ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਸਵੇਰੇ ਜਦੋਂ ਉਸ ਦੇ ਪਿਤਾ ਉਸ ਨੂੰ ਲੱਭਣ ਲਈ ਆਏ ਤਾਂ ਇਹ ਮਾਮਲਾ ਸਾਹਮਣੇ ਆਇਆ।