ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਗਸਤ
ਇੱਥੇ ਸ਼ਹਿਰ ਦੇ ਨੇੜੇ ਪਿੰਡ ਦਬੁਰਜੀ ਵਿੱਚ ਬੀਤੇ ਦਿਨ ਕੋਲਡ ਸਟੋਰ ਨੂੰ ਲੱਗੀ ਅੱਗ ਨੂੰ 45 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਵੀ ਪੁਰੀ ਤਰ੍ਹਾਂ ਬੁਝਾਇਆ ਨਹੀਂ ਜਾ ਸਕਿਆ ਪਰ ਹੁਣ ਇਹ ਅੱਗ ਲਗਪਗ ਕਾਬੂ ਹੇਠ ਹੈ।
ਵੇਰਵਿਆ ਮੁਤਾਬਕ ਇਸ ਕੋਲਡ ਸਟੋਰ ਦੇ ਅੰਦਰ ਡਰਾਈ ਫਰੂਟ, ਮਸਾਲੇ, ਮਿਰਚਾਂ ਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਰੱਖਿਆ ਹੋਇਆ ਸੀ। ਐਤਵਾਰ ਰਾਤ ਨੂੰ ਅਚਾਨਕ ਇੱਥੇ ਅੱਗ ਲਗੀ ਜਿਸ ਨੂੰ ਬੁਝਾਉਣ ਲਈ ਯਤਨ ਜਾਰੀ ਸਨ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ, ਹਵਾਈ ਅੱਡਾ ਫਾਇਰ ਬ੍ਰਿਗੇਡ ਤੇ ਹੋਰ ਅੱਗ ਬੁਝਾਊ ਦਸਤਿਆਂ ਨੇ ਕੰਮ ਕੀਤਾ। ਫਾਇਰ ਬ੍ਰਿਗੇਡ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਇਹ ਪੂਰੀ ਤਰ੍ਹਾਂ ਕਾਬੂ ਹੇਠ ਹੈ ਪਰ ਇੱਥੇ ਅੱਗ ਬੁਝਾਊ ਅਮਲੇ ਦੀਆ ਗੱਡੀਆਂ ਤਾਇਨਾਤ ਹਨ ਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਲਡ ਸਟੋਰ ਵਿੱਚ ਵੱਡੀ ਗਿਣਤੀ ਵਿੱਚ ਮਿਰਚਾਂ ਦਾ ਭੰਡਾਰ ਹੋਣ ਕਾਰਨ ਮੁਸ਼ਕਲ ਪੇਸ਼ ਆਈ ਹੈ ਜਿਸ ਕਾਰਨ ਘਟਨਾ ਸਥਾਨ ’ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਸੀ। ਕੋਲਡ ਸਟੋਰ ਦੇ ਅੰਦਰ ਦਾਖਲ ਹੋਣ ਲਈ ਡਿਚ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਅੱਜ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਜਾਇਜ਼ਾ ਲੈਣ ਲਈ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅੰਦਰ ਪਏ ਸਾਮਾਨ ਵਿੱਚ ਬਦਾਮ, ਕਾਜੂ, ਖਸਖਸ, ਮਿਰਚਾਂ ਆਦਿ ਕੀਮਤੀ ਸਾਮਾਨ ਲਗਭੱਗ ਸੜ ਚੁੱਕਿਆ ਹੈ ਅਤੇ ਇਮਾਰਤ ਵੀ ਤਬਾਹ ਹੋ ਚੁੱਕੀ ਹੈ, ਜੋ ਕਿਸੇ ਵੇਲੇ ਵੀ ਢਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਅੱਗ ਨਾਲ ਹੋਏ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਨੂੰ ਦਿੱਤੀ ਜਾਵੇਗੀ।
ਐੱਸ.ਡੀ.ਐੱਮ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਮੌਕਾ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਦੀ ਰਾਏ ਅੱਗ ਬੁਝਾਉਣ ਲਈ ਗਈ ਸੀ। ਖਦਸ਼ਾ ਹੈ ਕਿ ਜੇਕਰ ਅੱਗ ਕੋਲਡ ਸਟੋਰ ਦੀ ਮਸ਼ੀਨਰੀ ਨੂੰ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਅਮੋਨੀਆ ਗੈਸ ਦਾ ਰਿਸਾਵ ਹੋ ਸਕਦਾ ਹੈ। ਉਨ੍ਹਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਅਮੋਨੀਆ ਦੇ ਰਿਸਾਵ ਨਾਲ ਹਵਾ ਵਿੱਚ ਗੈਸ ਫੈਲਦੀ ਹੈ ਤਾਂ ਉਹ ਅੱਖਾਂ, ਨੱਕ ਆਦਿ ਉੱਤੇ ਸਾੜ ਮਹਿਸੂਸ ਕਰਨ ਦੇ ਲੱਛਣ ਨੂੰ ਸਮਝਦਿਆਂ ਤੁਰੰਤ ਆਪਣਾ ਮੂੰਹ, ਅੱਖਾਂ ਗਿੱਲੇ ਕੱਪੜੇ ਨਾਲ ਢੱਕ ਲੈਣ, ਕਿਉਂਕਿ ਅਮੋਨੀਆ ਗੈਸ ਪਾਣੀ ਦੀ ਛੂਹ ਨਾਲ ਤਰਲ ਪਦਾਰਥ ਵਿੱਚ ਬਦਲ ਜਾਂਦੀ ਹੈ, ਜੋ ਨੁਕਸਾਨਦੇਹ ਨਹੀਂ ਰਹਿੰਦੀ।
ਸਾਹ ਲੈਣ ’ਚ ਦਿੱਕਤ ਕਾਰਨ ਮਰੀਜ਼ਾਂ ਨੂੰ ਕੀਤਾ ਤਬਦੀਲ: ਡਾ. ਇੰਦਰਜੀਤ ਕੌਰ
ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਆਖਿਆ ਕਿ ਅੱਗ ਨਾਲ ਸੜ ਰਹੀਆਂ ਮਿਰਚਾਂ ਕਾਰਨ ਸਾਹ ਲੈਣ ਵਿੱਚ ਆ ਰਹੀ ਮੁਸ਼ਕਲ ਕਾਰਨ ਪਿੰਗਲਵਾੜਾ ਸ਼ਾਖਾ ਵਿੱਚ ਦਾਖਲ ਲਗਪਗ 250 ਮਰੀਜ਼ਾਂ ਨੂੰ ਨੇੜੇ ਧੀਰੇਕੋਟ ਸ਼ਾਖਾ ਅਤੇ ਮੁੱਖ ਸ਼ਾਖਾ ਵਿੱਚ ਭੇਜਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧ ਵਿੱਚ ਕਈ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਮੁੱਖ ਮੰਤਰੀ ਦੀ ਸ਼ਹਿਰ ਵਿੱਚ ਆਮਦ ਹੋਣ ਕਾਰਨ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਔਕੜ ਵਾਲੇ ਸਮੇਂ ਵੀ ‘ਵੀਆਈਪੀ ਕਲਚਰ’ ਹੀ ਭਾਰੂ ਰਿਹਾ ਜਦੋਂ ਕਿ ‘ਆਪ’ ਸਰਕਾਰ ਸੂਬੇ ਵਿੱਚ ਇਹ ਰੁਝਾਨ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ।