ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਵਿਰਸਾ ਵਿਹਾਰ ਵਿੱਚ ਰੇਡਿਓ ਤੇ ਟੀ. ਵੀ. ਕਲਾਕਾਰ ਮਰਹੂਮ ਡਾ. ਗੁਰਚਰਨ ਸਿੰਘ ਸੋਢੀ ਦੀ ਪਲੇਠੀ ਪੁਸਤਕ ‘ਸੱਚੋ-ਸੱਚ’ ਦੀ ਘੁੰਢ ਚੁਕਾਈ ਅੱਜ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕੀਤੀ। ਵਿਰਸਾ ਵਿਹਾਰ ਕੇਂਦਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਚ ਇਸ ਸਬੰਧੀ ਕੀਤੇ ਇਕ ਸਮਾਗਮ ਦੌਰਾਨ ਮਰਹੂਮ ਡਾ. ਸੋਢੀ ਦੇ ਬੇਟੇ ਨਾਨਕ ਸਿੰਘ ਸੋਢੀ ਨੇ ਆਪਣੇ ਗੀਤਾਂ ਰਾਹੀਂ ਪਿਤਾ ਦੀ ਯਾਦ ਨੂੰ ਸਾਂਝਾ ਕੀਤਾ। ਇਸ ਮੌਕੇ ਗਲੋਰੀ ਬਾਵਾ ਨੇ ਵੀ ਆਪਣੇ ਵਿਚਾਰਾਂ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਮਰਹੂਮ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨਾਲ ਸਬੰਧਤ ਕੁਝ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ।ਇਸ ਮੌਕੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਵਿਚ ਅਜਾਇਬ ਸਿੰਘ ਹੁੰਦਲ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਗਾਇਕ ਹਰਿੰਦਰ ਸੋਹਲ, ਦਲਜੀਤ ਸਿੰਘ ਬੇਦੀ ਤੇ ਦਿਲਜੀਤ ਸੋਨਾ ਆਦਿ ਸ਼ਾਮਲ ਸਨ। ਇਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।