ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਜੁਲਾਈ
ਅੱਜ ਇਥੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਫਾਈ ਕਰਮਚਾਰੀਆਂ ਨੇ ਛੇਵੇਂ ਤਨਖਾਹ ਕਮਿਸ਼ਨ, ਐੱਨਪੀਏ ਤੇ ਹੋਰ ਮੰਗਾਂ ਨੂੰ ਲੈ ਕੇ ਕਾਲੇ ਬਿੱਲੇ ਲਾ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਓਪੀਡੀ ਤੇ ਹੋਰ ਸੇਵਾਵਾਂ ਅੱਜ ਵੀ ਬੰਦ ਰਹੀਆਂ ਅਤੇ ਉਨ੍ਹਾਂ ਐਲਾਨ ਕੀਤਾ ਕਿ ਉਹ ਸੇਵਾਵਾਂ ਠੱਪ ਰੱਖਣਗੇ। ਡਾਕਟਰਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਮੌਕੇ ਉਨ੍ਹਾਂ ਦਾ ਸਾਥ ਦੇਣ ਕਿਉਂਕਿ ਸਰਕਾਰ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਵੀ ਨਹੀਂ ਸਮਝ ਰਹੀ। ਚੇਅਰਮੈਨ ਰਕੇਸ਼ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ ਅਤੇ ਮੰਗਾਂ ਮੰਨਵਾਏ ਬਿਨਾਂ ਹੜਤਾਲ ਖਤਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਤਕ ਕਿਸੇ ਵੀ ਜ਼ਿਲ੍ਹਾ ਅਧਿਕਾਰੀ, ਸਿਵਲ ਸਰਜਨ ਤੇ ਨਾ ਹੀ ਕਿਸੇ ਹੋਰ ਨੇ ਪਹੁੰਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵਿੱਤ ਮੰਤਰੀ ਮਨਪ੍ਰ੍ਰੀਤ ਸਿੰਘ ਬਾਦਲ ਦਾ ਪੁਤਲਾ ਬਣਾਇਆ ਹੈ, ਜਿਸਨੂੰ ਡਸਟਬਿਨ ਵਿਚ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਦਾ ਪੁਤਲਾ ਬਣਾ ਕੇ ਉਸਦਾ ਪੋਸਟ ਮਾਰਟਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤਕ ਸੰਘਰਸ਼ ਜਾਰੀ ਰੱਖਾਂਗੇ।ਇਸੇ ਦੌਰਾਨ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਦੇ ਸੱਦੇ ਤੇ ਡਾਕਟਰਾਂ ਵੱਲੋਂ ਓ.ਪੀ.ਡੀ. ਦਾ ਕੰਮ ਬੰਦ ਕੀਤਾ ਗਿਆ ਅਤੇ ਸਮਰਥਨ ਵਿੱਚ ਈ.ਐਸ.ਆਈ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਵੱਲੋਂ ਈ.ਐੱਸ.ਆਈ. ਹਸਪਤਾਲ ਵਿਖੇ ਛੇਵੇ ਪੇ-ਕਮੀਸ਼ਨ ਦੀਆਂ ਮੁਾਲਜ਼ਮ ਵਿਰੋਧੀ ਸਿਫਾਰਸ਼ਾਂ ਦੇ ਵਿਰੋਧ ਵਿੱਚ ਹਸਪਤਾਲ ਬਾਹਰ ਰੋਸ ਧਰਨਾ ਦਿੱਤਾ ਗਿਆ।
ਪਠਾਨਕੋਟ (ਐੱਨਪੀ ਧਵਨ): ਡਾਕਟਰਾਂ ਦੇ ਐੱਨਪੀਏ ਅਤੇ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਤਨਖਾਹ ਕਮਿਸ਼ਨ ਦੀ ਲੰਗੜੀ ਤੇ ਮੁਲਾਜ਼ਮ ਮਾਰੂ ਰਿਪੋਰਟ ਖਿਲਾਫ ਰੋਸ ਮਾਰਚ ਕੀਤਾ ਅਤੇ ਵਿਧਾਇਕ ਅਮਿਤ ਵਿਜ ਦੇ ਘਰ ਪੁੱਜ ਕੇ ਮੰਗ ਪੱਤਰ ਦਿੱਤਾ। ਇਸ ਰੋਸ ਮਾਰਚ ਵਿੱਚ ਵੱਖ-ਵੱਖ ਯੂਨੀਅਨਾਂ ਦੇ ਆਗੂ ਸ਼ਾਮਲ ਹੋਏ।
ਗੁਰਦਾਸਪੁਰ (ਜਤਿੰਦਰ ਬੈਂਸ): ਐੱਨਪੀਏ ਦੇ ਮਸਲੇ ਨੂੰ ਲੈ ਕੇ ਦੋ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਸਿਹਤ ਤੇ ਵੈਟਰਨਰੀ ਡਾਕਟਰਾਂ ਨੇ ਸਰਕਾਰ ਵੱਲੋਂ ਸਾਰਥਕ ਹੁੰਗਾਰਾ ਨਾ ਮਿਲਣ ਕਾਰਨ ਤਿੱਖਾ ਰੋਹ ਜਾਹਿਰ ਕੀਤਾ ਅਤੇ ਕੋਵਿਡ ਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਹੜਤਾਲ ਕਰਕੇ ਇਥੇ ਸਿਵਲ ਅਤੇ ਪਸ਼ੂ ਹਸਪਤਾਲ ਵਿਖੇ ਧਰਨਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ।ਪੰਜਾਬ ਸਰਕਾਰ ਦੇ ਰਵਈਏ ਤੋਂ ਖਫ਼ਾ ਡਾਕਟਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਖਾਮੀਆਂ ਭਰਪੂਰ ਆਖਦਿਆਂ ਕਾਪੀਆਂ ਸਾੜੀਆਂ ਗਈਆਂ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਖਿਲਾਫ਼ ‘ਜੁਆਇੰਟ ਗੌਰਮਿੰਟ ਡਾਕਟਰ ਕੋਆਰਡੀਨੇਸ਼ਨ ਕਮੇਟੀ ਪੰਜਾਬ’ ਦੇ ਸੱਦੇ ’ਤੇ ਤਿੰਨ-ਰੋਜ਼ਾ ਹੜਤਾਲ ਦੇ ਸੱਦੇ ਤੇ ਜਿਲ੍ਹਾ ਭਰ ਦੇ ਡਾਕਟਰਾਂ ਨੇ ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਇਕ ਰੋਹ ਭਰਪੂਰ ਰੈਲੀ ਕੀਤੀ| ਇਸ ਰੈਲੀ ਵਿੱਚ ਪੀਸੀਐਮਐਸ ਡਾਕਟਰਾਂ ਤੋਂ ਇਲਾਵਾ ਪਸ਼ੂ ਪਾਲਣ, ਹੋਮਿਓਪੈਥਿਕ, ਆਯੁਰਵੈਦਿਕ, ਰੂਰਲ ਡਾਕਟਰਾਂ, ਡੈਂਟਲ ਡਾਕਟਰਾਂ ਨੇ ਵੀ ਭਾਗ ਲਿਆ| ਡਾਕਟਰਾਂ ਦੇ ਸਮਰਥਨ ਵਿੱਚ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਮੁਲਾਜਮਾਂ ਦੀਆਂ ਜਥੇਬੰਦੀਆਂ ਦੇ ਪ੍ਰਤਿਨਿਧੀਆਂ ਨੇ ਵੀ ਡਾਕਟਰਾਂ ਦੀਆਂ ਮੰਗਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਸੀਐਮਐਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ, ਡਾ. ਸੁਖਰਾਜ ਸਿੰਘ ਬੱਲ (ਵੈਟਰਨਰੀ ਅਧਿਕਾਰੀ), ਡਾ ਪੰਕਜ ਅਰੋੜਾ (ਪੀਸੀਐਮਐਸ ਡੈਂਟਲ), ਡਾ. ਸੰਦੀਪ ਤੇ ਡਾ. ਮਨਿੰਦਰ (ਆਯੁਰਵੈਦਿਕ), ਡਾ. ਹਰਿੰਦਰ ਪਾਲ ਸਿੰਘ (ਹੋਮਿਓਪੈਥਿਕ) ਨੇ ਸੰਬੋਧਨ ਕੀਤਾ।
ਡਾਕਟਰਾਂ ਨੇ ਹੁਸ਼ਿਆਰਪੁਰ-ਜਲੰਧਰ ਮਾਰਗ ਕੀਤਾ ਜਾਮ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੁਆਇੰਟ ਗੌਰਮਿੰਟ ਡਾਕਟਰ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਓ.ਪੀ.ਡੀ ਸੇਵਾਵਾਂ ਬੰਦ ਕਰਕੇ ਸ਼ਹਿਰ ’ਚ ਰੋਸ ਮਾਰਚ ਕੀਤਾ। ਮਾਰਚ ਸੂਬਾ ਕਮੇਟੀ ਮੈਂਬਰ ਡਾ ਰਾਜ ਕੁਮਾਰ ਤੇ ਪੀ.ਐਮ.ਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ।ਪ੍ਰਭਾਤ ਚੋਂਕ ਪਹੁੰਚ ਕੇ ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ਨੂੰ 2 ਘੰਟੇ ਲਈ ਮੁਕੰਮਲ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ।