ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਸਤੰਬਰ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ 16 ਤੋਂ 26 ਸਤੰਬਰ ਤੱਕ ਸ਼ਬਦ ਵੀਚਾਰ, ਸ਼ਬਦ ਕੀਰਤਨ, ਕਵਿਤਾ, ਕਵੀਸ਼ਰੀ, ਪੇਂਟਿੰਗ ਮੁਕਾਬਲਾ ਅਤੇ ਲਿਖਤੀ ਇਮਤਿਹਾਨ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਿਓ ਮੰਡੀ ਵਿੱਚ ਕਰਵਾਏ ਗਏ। ਲਿਖਤੀ ਇਮਤਿਹਾਨ ਵਿਚੋਂ ਚੁਣੀਆਂ ਪੰਜ ਟੀਮਾਂ ਦਾ ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਵਿੱਚ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚੋਂ ਸ੍ਰੀ ਗੁਰੂ ਰਾਮਦਾਸ ਸੀਨੀਅਰ ਸਕੈਂਡਰੀ ਸਕੂਲ ਰਾਮਸਰ ਰੋਡ, ਦੀ ਟੀਮ ਨੇ ਪਹਿਲਾ, ਮਾਤਾ ਗੰਗਾ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਦੀ ਟੀਮ ਨੇ ਦੂਜਾ ਤੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ, ਖਡੂਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਵਧੀਕ ਮੈਨੇਜਰ ਨਿਸ਼ਾਨ ਸਿੰਘ, ਸਕਾਲਰ ਡਾ. ਰਣਜੀਤ ਕੌਰ ਪੰਨਵਾਂ, ਸਕਾਲਰ ਬੀਬੀ ਹਰਪ੍ਰੀਤ ਕੌਰ ਤੇ ਬੀਬੀ ਗੁਰਮੀਤ ਕੌਰ, ਸੁਪਰਵਾਈਜ਼ਰ ਕਾਬਲ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।