ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਦਸੰਬਰ
ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਪ੍ਰੋਗਰਾਮ ਦੇ ਅੰਤਰਗਤ ‘ਲੇਖਕਾਂ ਦਾ ਹਫ਼ਤਾ’ ਸਮਾਗਮਾਂ ਦੀ ਲੜੀ ਤਹਿਤ ਅੱਜ ਪੰਜਵੇਂ ਦਿਨ ਸ਼ਾਇਰ ਮਲਵਿੰਦਰ ਸਰੋਤਿਆਂ ਦੇ ਰੂ-ਬ-ਰੂ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿੱਚ ਹੋਏ ਇਸ ਸਾਹਿਤਕ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਸ਼ਾਇਰ ਦੇਵ ਦਰਦ ਨੇ ਕੀਤਾ। ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਆਏ ਅਦੀਬਾਂ ਦਾ ਸਵਾਗਤ ਕੀਤਾ। ਸ਼ਾਇਰ ਮਲਵਿੰਦਰ ਨੇ ਆਪਣੀ ਖੂਬਸੂਰਤ ਨਜ਼ਮ ‘ਮੈਂ ਤਾਂ ਉਹ ਬਿਰਖ ਹਾਂ ਸਜਣੋਂ, ਠੰਢੀ ਜਿਸ ਦੀ ਛਾਂ’ ਪੇਸ਼ ਕਰਦਿਆਂ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੂੰ ਆਪਣੇ ਘਰ ਵਿਚੋਂ ਸਾਹਿਤਕ ਮਾਹੌਲ ਨਹੀਂ ਮਿਲਿਆ ਪਰ ਦੋਸਤਾਂ ਦੇ ਅਦਬੀ ਘੇਰੇ ਅਤੇ ਕਿਤਾਬਾਂ ਨੇ ਉਨ੍ਹਾਂ ਨੂੰ ਸਾਹਿਤਕ ਸੂਝ ਬਖਸ਼ੀ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਫੀ ਸ਼ਾਇਰ ਬਖਤਾਵਰ ਸਿੰਘ ਅਤੇ ਡਾ. ਮਨਜੀਤ ਸਿੰਘ ਬੱਲ ਨੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਰਚਨਾਵਾਂ ਦੇ ਦੌਰ ਵਿੱਚ ਗਜ਼ਲਗੋ ਸੁਰਿੰਦਰ ਚੋਹਕਾ, ਰਾਜ ਕੁਮਾਰ ਰਾਜ, ਧਰਵਿੰਦਰ ਔਲਖ, ਚੰਨ ਅਮਰੀਕ, ਅਜੀਤ ਸਿੰਘ ਨਬੀਪੁਰੀ, ਮਨਮੋਹਨ ਬਾਸਰਕੇ, ਰਣਜੀਤ ਸਿੰਘ ਆਦਿ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।