ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੂਨ
ਪੰਜਾਬ ਦੇ ਐੱਸਸੀ ਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਵਿੱਚ ਹੋਏ ਕਥਿਤ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਨੇ ਰੋਸ ਵਿਖਾਵਾ ਕਰਦਿਆਂ ਰੋਸ ਮਾਰਚ ਕੀਤਾ ਅਤੇ ਸਰਕਾਰ ਦਾ ਪੁਤਲਾ ਸਾੜਿਆ। ਇਸ ਰੋਸ ਵਿਖਾਵੇ ਦੀ ਅਗਵਾਈ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਇੰਦਰਪਾਲ ਉਪ- ਪ੍ਰਧਾਨ ਮਾਸਟਰ ਜਸਵਿੰਦਰ ਸਿੰਘ, ਜਨਰਲ ਸਕੱਤਰ ਰਵਿੰਦਰ ਹੰਸ, ਜੁਆਇੰਟ ਸਕੱਤਰ ਓਮ ਪ੍ਰਕਾਸ਼ ਗੱਬਰ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਘੁਟਾਲੇ ਵਿੱਚ ਸ਼ਾਮਲ ਮੰਤਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ, ਜਿਸ ’ਤੇ ਵਿਦਿਆਰਥੀ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ। ਡਾ. ਇੰਦਰਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਦੇ ਮੁੱਦੇ ਤੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸਕਾਲਰਸ਼ਿੱਪ ਘੁਟਾਲੇ ਦੀ ਸਚਾਈ ਲੋਕਾਂ ਸਾਹਮਣੇ ਆ ਸਕੇ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐੱਸਸੀ ਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਅਤੇ ਸਕਾਲਰਸ਼ਿਪ ਰਕਮ ਵਿੱਚ ਘੁਟਾਲਾ ਕਰਨ ਵਾਲੇ ਮੰਤਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਦੇ ਐਸ.ਸੀ/ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੋਟਾਲੇ ਦੇ ਵਿਰੋਧ ’ਚ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਖਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ।
ਪਠਾਨਕੋਟ(ਐੱਨਪੀ ਧਵਨ): ਇਥੇ ਜ਼ਿਲ੍ਹਾ ਪਠਾਨਕੋਟ ਨੇ ਇੰਚਾਰਜ ਸੁਨੀਲ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਸੂਬਾ ਜੁਆਇੰਟ ਸਕੱਤਰ ਰਮੇਸ਼ ਟੋਲਾ ਤੇ ਸੌਰਭ ਬਹਿਲ, ਸੂਬਾਈ ਪ੍ਰਧਾਨ ਐਸਸੀ ਵਿੰਗ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਸਕੱਤਰ ਠਾਕੁਰ ਮਨੋਹਰ ਸਿੰਘ, ਅਰੁਣ ਮੇਰ, ਵੂਮੈਨ ਵਿੰਗ ਦੀ ਆਗੂ ਟੀਨਾ ਚੌਧਰੀ ਆਦਿ ਆਗੂ ਸ਼ਾਮਲ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਇਥੇ ਕੀਤੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ। ‘ਆਪ’ ਵੱਲੋਂ ਸਾਧੂ ਸਿੰਘ ਧਰਮਸੋਤ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਬੰਧਿਤ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ ਕੀਤੀ। ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਅਤੇ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਵਿੱਚੋਂ ਆਏ ਪਾਰਟੀ ਦੇ ਵਾਲੰਟੀਅਰਾਂ ਇਥੋਂ ਦੇ ਗਾਂਧੀ ਮਿਊਂਸਿਪਲ ਪਾਰਕ ਵਿੱਚ ਇਕੱਤਰਤਾ ਕੀਤੀ।
ਧਰਨਾ ਲਾਉਣ ਵਾਲੇ ‘ਆਪ’ ਆਗੂਆਂ ਵਿਰੁੱਧ ਪਰਚਾ ਦਰਜ
ਜਲੰਧਰ (ਪਾਲ ਸਿੰਘ ਨੌਲੀ): ਕਰੋਨਾ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਆਦਮੀ ਪਾਰਟੀ ਵੱਲੋਂ ਨਕੋਦਰ ਚੌਂਕ ਵਿਚ ਬੀਤੇ ਕੱਲ੍ਹ ਜਿਹੜਾ ਧਰਨਾ ਦਿੱਤਾ ਗਿਆ ਸੀ, ਪੁਲੀਸ ਨੇ ਆਪ ਦੇ ਆਗੂਆਂ ਤੇ ਵਰਕਰਾਂ ਵਿਰੁੱਧ ਐੱਫਆਈਆਰ ਦਰਜ ਕਰ ਲਈ ਹੈ। ਇਹ ਐੱਫਆਈਆਰ ਥਾਣਾ ਡਿਵੀਜ਼ਨ ਨੰਬਰ ਚਾਰ ਵਿਚ ਕੀਤੀ ਗਈ ਹੈ ਤੇ ਪਾਰਟੀ ਵਰਕਰਾਂ ਵਿਰੁੱਧ ਮਹਾਮਾਰੀ ਐਕਟ ਅਤੇ ਰੋਸ ਪ੍ਰਦਰਸ਼ਨ ਲਈ ਮਿਥੇ ਥਾਵਾਂ ਨੂੰ ਛੱਡ ਕੇ ਕੀਤੇ ਗਏ ਪ੍ਰਦਰਸ਼ਨ ਦੇ ਦੋਸ਼ ਲਾਏ ਗਏ ਹਨ। ਇਹ ਮਾਮਲਾ ਏਐੱਸਆਈ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਕਰੋਨਾ ਪ੍ਰੋਟੋਕਾਲ ਦੀ ਉਲੰਘਣਾ ਮੰਨਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਧਰਨੇ ਦੌਰਾਨ ਨਕੋਦਰ ਚੌਂਕ ਵਿਚ ਭਾਰੀ ਜਾਮ ਲੱਗ ਗਿਆ ਸੀ। ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਸੀ ਤੇ ਇਸ ਜਾਮ ਵਿਚ ਕਈ ਐਂਬੂਲੈਂਸਾਂ ਵੀ ਫਸ ਗਈਆਂ ਸਨ।