ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 26 ਅਪਰੈਲ
ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂ ਵਿਭਾਗ ਦੀ ਟੀਮ ਅਤੇ ਗਲਿਆਰਾ ਪੁਲੀਸ ਚੌਕੀ ਵਲੋਂ ਸਾਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਹੈਰੀਟੇਜ ਸਟਰੀਟ, ਸੀਤਾ ਨਿਵਾਸ, ਜੱਲਿਆਂਵਾਲਾ ਬਾਗ ਨਿਕਾਸੀ ਵਾਲੀ ਸਾਈਡ ਅਤੇ ਬਟਾਲਾ ਰੋਡ ’ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਇਨ੍ਹਾਂ ਇਲਾਕਿਆਂ ਵਿੱਚ ਜਿਨ੍ਹਾਂ ਦੁਕਾਨਾਦਾਰਾਂ ਵਲੋਂ ਸਾਮਾਨ ਆਪਣੀਆਂ ਦੁਕਾਨਾਂ ਦੇ ਬਾਹਰ ਵਰਾਂਡਿਆਂ, ਫੁੱਟਪਾਥ, ਸੜਕ ਉਪਰ ਰੱਖ ਕੇ ਨਾਜਾਇਜ ਕਬਜ਼ੇ ਕੀਤੇ ਹੋਏ ਸਨ, ਦਾ ਸਮਾਨ ਜ਼ਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗ੍ਹਾ ’ਤੇ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ।
ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰੂ ਨਾਨਕ ਭਵਨ ਦੀ ਪਾਰਕਿੰਗ ਜੋ ਠੇਕੇ ’ਤੇ ਚੱਲ ਰਹੀ ਸੀ। ਪਰ ਠੇਕੇਦਾਰ ਵਲੋਂ ਪਿਛਲੇ 6 ਮਹੀਨਿਆਂ ਤੋਂ ਕੋਈ ਵੀ ਕਿਸ਼ਤ ਜਮ੍ਹਾਂ ਨਹੀਂ ਕਰਵਾਈ ਜਾ ਰਹੀ ਸੀ। ਇਸ ਲਈ ਅੱਜ ਅਸਟੇਟ ਵਿਭਾਗ ਵਲੋਂ ਇਸ ਜਗ੍ਹਾ ਦਾ ਕਬਜ਼ਾ ਲੈ ਲਿਆ ਗਿਆ ਅਤੇ ਇਸ ਪਾਰਕਿੰਗ ਨੂੰ ਦੁਬਾਰਾ ਠੇਕੇ ’ਤੇ ਦੇਣ ਲਈ ਕਮਿਸ਼ਨਰ ਕੋਲੋਂ ਪ੍ਰਵਾਨਗੀ ਲੈਣ ਉਪਰੰਤ ਦੁਬਾਰਾ ਟੈਂਡਰ ਲੱਗਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਜ਼ਮੀਨਾਂ, ਫੁੱਟਪਾਥਾਂ, ਦੁਕਾਨਾਂ ਦੇ ਬਾਹਰ ਵਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਾਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇ ਕੋਈ ਵਿਅਕਤੀ ਸ਼ਹਿਰ ਵਿੱਚ ਸਾਮਾਨ ਰੱਖ ਕੇ ਨਾਜਾਇਜ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ, ਮਨੋਜ ਕੁਮਾਰ, ਵਿਭਾਗੀ ਅਮਲਾ ਅਤੇ ਪੁਲੀਸ ਮੁਲਾਜ਼ਮ ਸ਼ਾਮਲ ਸਨ।