ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 10 ਨਵੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਸੁੰਦਰੀਕਰਨ ਦੇ ਨਾਂ ਹੇਠ ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਮੂਲ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਕੀਤੀ ਗਈ ਛੇੜਛਾੜ ਖ਼ਿਲਾਫ਼ ਤੇ ਇਸ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਲਈ ਸਥਾਨਕ ਕੰਪਨੀ ਬਾਗ਼ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ।
ਤਰਕਸ਼ੀਲ ਆਗੂਆਂ ਸੁਮੀਤ ਸਿੰਘ ਅਤੇ ਜਸਪਾਲ ਬਾਸਰਕਾ ਨੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੇ ਤੰਗ ਗਲੀ ਦੇ ਲਾਂਘੇ ਵਿਚ ਵਿਦਰੋਹ ਕਰਦੇ ਲੋਕਾਂ ਦੀ ਬਜਾਏ ਨੱਚਦੇ ਟੱਪਦੇ ਲੋਕਾਂ ਦੀਆਂ ਮੂਰਤੀਆਂ ਸਥਾਪਤ ਕਰਨਾ, ਫਾਇਰਿੰਗ ਪੁਆਇੰਟ ਦੇ ਪਿੱਲਰ ਨੂੰ ਢਾਹੁਣਾ, ਸ਼ਹੀਦੀ ਲਾਟ ਨੂੰ ਦੂਰ ਤਬਦੀਲ ਕਰਨਾ, ਸ਼ਹੀਦੀ ਸਮਾਰਕ ਸਾਹਮਣੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਥਾਪਤ ਕਰਨਾ, ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਵਿਗਾੜਨਾ, ਗੋਲੀਆਂ ਦੇ ਨਿਸ਼ਾਨ ਜ਼ਮੀਨੀ ਪੱਧਰ ਤੋਂ ਹੇਠਾਂ ਰੱਖਣਾ, ਸ਼ਹੀਦ ਊਧਮ ਸਿੰਘ ਸਣੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ, ਸ਼ਹੀਦੀ ਬਾਗ਼ ਨੂੰ ਪਿਕਨਿਕ ਦਾ ਸਥਾਨ ਬਣਾਉਣਾ ਅਤੇ ਦਾਖ਼ਲਾ ਟਿਕਟ ਦੇ ਢਾਂਚੇ ਨੂੰ ਸਥਾਪਤ ਕਰਨ ਆਦਿ ਕਾਰਵਾਈਆਂ ਨਾਲ ਬਾਗ਼ ਦੇ ਇਤਿਹਾਸਕ ਸਰੂਪ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ। ਇਸ ਨਾਲ ਦੇਸ਼ ਵਿਦੇਸ਼ ’ਚ ਬੈਠੇ ਸ਼ਹੀਦਾਂ ਦੇ ਵਾਰਸ ਲੋਕਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਣ ਕਾਰਨ ਉਹ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ।
ਤਰਕਸ਼ੀਲ ਆਗੂਆਂ ਅਸ਼ਵਨੀ ਕੁਮਾਰ ਅਤੇ ਮਨਜੀਤ ਬਾਸਰਕੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਅਜਿਹੀਆਂ ਗ਼ੈਰ-ਵਿਰਾਸਤੀ ਤਬਦੀਲੀਆਂ ਇਤਿਹਾਸ ਦੇ ਭਗਵੇਂਕਰਨ ਦੇ ਏਜੰਡੇ ਹੇਠ ਕੀਤੀਆਂ ਗਈਆਂ ਹਨ। ਇਸ ਮੌਕੇ ਤ੍ਰਿਪੁਰਾ ਵਿਚ ਫ਼ਿਰਕੂ ਅਨਸਰਾਂ ਵਲੋਂ ਮੁਸਲਿਮ ਭਾਈਚਾਰੇ ’ਤੇ ਕੀਤੇ ਹਮਲਿਆਂ ਖ਼ਿਲਾਫ਼ ਇਕ ਜਮਹੂਰੀ ਸੰਸਥਾ ਦੀ ਤੱਥ ਖੋਜ ਕਮੇਟੀ ਵਿਚ ਸ਼ਾਮਿਲ ਸੁਪਰੀਮ ਕੋਰਟ ਦੇ ਵਕੀਲਾਂ ਵਿਰੁੱਧ ਤ੍ਰਿਪੁਰਾ ਪੁਲੀਸ ਵੱਲੋਂ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ।