ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਨਵੰਬਰ
ਪੰਜਾਬੀ ਸਪਤਾਹ ਦੇ ਦੂਜੇ ਦਿਨ ਅੱਜ ਪੰਜਾਬੀ ਦੇ ਨਾਮਵਰ ਸ਼ਾਇਰ ਡਾ. ਰਵਿੰਦਰ ਨੇ ‘ਮੈਂ ਤੇ ਮੇਰੀ ਕਾਵਿ-ਸਿਰਜਣਾ’ ਵਿਸ਼ੇ ’ਤੇ ਅਕਾਦਮਿਕ ਭਾਸ਼ਣ ਦਿੱਤਾ। ਇਸ ਮੌਕੇ ਡਾ. ਰਵਿੰਦਰ ਵਲੋਂ ਰਚਿਤ ਨਵੇਂ ਕਾਵਿ- ਸੰਗ੍ਰਹਿ ‘ਅੰਦਰ ਖੁੱਲ੍ਹਦੀ ਖਿੜਕੀ’ ਨੂੰ ਰਿਲੀਜ਼ ਕੀਤਾ ਗਿਆ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਰਵਿੰਦਰ ਦੀ ਕਾਵਿ-ਸਿਰਜਣਾ ਵਿੱਚ ਉੱਤਰ-ਆਧੁਨਿਕਤਾ ਦੇ ਅੰਸ਼ ਹਾਜ਼ਰ ਹਨ। ਡਾ. ਰਵਿੰਦਰ ਨੇ ਕਿਹਾ ਕਿ ਕਵੀ ਦੀ ਪ੍ਰਤੀਬੱਧਤਾ ਸੱਚ ਨੂੰ ਪੇਸ਼ ਕਰਨ ਦੀ ਹੋਣੀ ਚਾਹੀਦੀ ਹੈ।ਸਾਹਿਤ ਹਮੇਸ਼ਾ ਮਾਨਵਵਾਦੀ ਤੇ ਵਾਦ-ਮੁਕਤ ਹੋਣਾ ਚਾਹੀਦਾ ਹੈ ਤਾਂ ਹੀ ਇਹ ਸਮੇਂ ਤੋਂ ਪਾਰ ਫੈਲ ਸਕਦਾ ਹੈ। ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਡਾ. ਰਵਿੰਦਰ ਦੀ ਕਵਿਤਾ ਬੁਨਿਆਦੀ ਰੂਪ ’ਚ ਮਾਨਵਵਾਦੀ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਭਾਸ਼ਾ ਵਿਭਾਗ ਵਲੋਂ ਪੰਜਾਬੀ ਹਫ਼ਤੇ ਨੂੰ ਸਮਰਪਿਤ ਚੇਤਨਾ ਰੈਲੀ ਸ.ਸ.ਸ. ਸਕੂਲ ਘੰਟਾ ਦੇ ਪ੍ਰਿੰ. ਅਸ਼ਵਨੀ ਦੱਤਾ ਦੇ ਸਹਿਯੋਗ ਨਾਲ ਕੱਢੀ ਗਈ। ਰੈਲੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਪੰਜਾਬੀ ਬੋਲਣ, ਪੜ੍ਹਣ ਤੇ ਲਿਖਣ ’ਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ।