ਮਨਮੋਹਨ ਸਿੰੰਘ ਢਿੱਲੋਂ
ਅੰਮ੍ਰਿਤਸਰ, 7 ਜੁਲਾਈ
ਅੰਮ੍ਰਿਤਸਰ ਦੀਆਂ ਸਮੂਹ ਲੋਕਪੱਖੀ ਜਨਤਕ ਜਥੇਬੰਦੀਆਂ ਵੱਲੋਂ ਆਦਿਵਾਸੀਆਂ, ਦਲਿਤਾਂ ਅਤੇ ਪਛੜੇ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਜ਼ਿੰਦਗੀ ਭਰ ਲੜਦੇ ਰਹੇ ਅਤੇ ਭੀਮਾ ਕੋਰੇਗਾਓਂ ਸਾਜਿਸ਼ ਦੇ ਝੂਠੇ ਕੇਸ ਵਿੱਚ ਫਸਾਏ ਗਏ ਨਾਮਵਰ ਸਮਾਜਿਕ ਕਾਰਕੁਨ ਪਾਦਰੀ ਸਟੈਨ ਸਵਾਮੀ ਦੀ ਨਿਆਂਇਕ ਹਿਰਾਸਤ ਵਿੱਚ ਹੋਈ ਮੌਤ ਦੇ ਖਿਲਾਫ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਮਾਰਕੀਟ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਨੂੰ ਮੌਤ ਦੇ ਮੂੰਹ ਵਿੱਚ ਪੁਚਾਉਣ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਿਛਲੇ ਤਿੰਨ ਸਾਲ ਤੋਂ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਡੱਕੇ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਵਕੀਲਾਂ, ਸਮਾਜਿਕ ਕਾਰਕੁਨਾਂ, ਲੇਖਕਾਂ, ਪੱਤਰਕਾਰਾਂ ਅਤੇ ਰੰਗਕਰਮੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਫਾਦਰ ਸਟੈਨ ਸਵਾਮੀ ਦੀ ਮੌਤ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਕਿਹਾ ਕਿ ਉਹ ਪਾਰਕਿੰਨਸਨ ਦੀ ਬਿਮਾਰੀ ਅਤੇ ਕਰੋਨਾ ਤੋਂ ਵੀ ਪੀੜਤ ਸਨ ਅਤੇ ਉਨ੍ਹਾਂ ਮੈਡੀਕਲ ਆਧਾਰ ’ਤੇ ਕਈ ਵਾਰ ਜ਼ਮਾਨਤ ਦੇਣ ਦੀ ਮੰਗ ਕੀਤੀ ਪਰ ਮੋਦੀ ਹਕੂਮਤ ਦੇ ਦਬਾਅ ਹੇਠ ਐੱਨਆਈਏ ਵੱਲੋਂ ਵਿਰੋਧ ਕਰਨ ਉਤੇ ਅਦਾਲਤ ਵਲੋਂ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਹਰ ਵਾਰ ਰੱਦ ਕੀਤੀ ਗਈ। ਕਾਮਰੇਡ ਰਤਨ ਰੰਧਾਵਾ, ਰਵਿੰਦਰ ਲਲਕਾਰ, ਮੰਗਲ ਟਾਂਡਾ,ਐਡਵੋਕੇਟ ਅਮਰਜੀਤ ਬਾਈ ਅਤੇ ਗੁਰਬਚਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਭੀਮਾ ਕੋਰੇਗਾਓਂ ਹਿੰਸਾ ਕੇਸ ਵਿਚ ਇਕ ਸਾਜਿਸ਼ ਹੇਠ ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਪ੍ਰਸਿੱਧ ਤੇਲਗੂ ਕਵੀ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਪ੍ਰੋ.ਆਨੰਦ ਤੇਲਤੁੰਬੜੇ, ਵਰਨੋਨ ਗੋਂਸਾਲਵੇਜ਼, ਅਰੁਣ ਫਰੇਰਾ, ਸੁਰਿੰਦਰ ਗਾਡਲਿੰਗ, ਸੁਧੀਰ ਡਾਵਲੇ, ਪ੍ਰੋ. ਸ਼ੋਮਾ ਸੇਨ,ਮਹੇਸ਼ ਰਾਉਤ,ਰੋਨਾ ਵਿਲਸਨ, ਪ੍ਰੋ. ਹੈਨੀ ਬਾਬੂ ਆਦਿ ਨੂੰ ਯੂ ਏ ਪੀ ਏ ਦੇ ਕਾਲੇ ਕਾਨੂੰਨ ਤਹਿਤ ਬਿਨਾਂ ਕਿਸੇ ਸਬੂਤ ਦੇ ਝੂਠੇ ਕੇਸ ਵਿਚ ਨਜ਼ਰਬੰਦ ਰੱਖ ਕੇ ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਜਿਊਣ ਦੇ ਅਧਿਕਾਰ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ ਇਸ ਮੌਕੇ ਯਸ਼ਪਾਲ ਝਬਾਲ ਨੇ ਸਟੇਜ ਦੀ ਕਾਰਵਾਈ ਦਾ ਸੰਚਾਲਨ ਕੀਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ,ਜਮਹੂਰੀ ਅਧਿਕਾਰ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ,ਪੈਰਾ ਮੈਡੀਕਲ ਸਟਾਫ ਯੂਨੀਅਨ,ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ,ਆਦਿ ਜਨਤਕ ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਵੀ ਸ਼ਾਮਲ ਸਨ।
ਕਪੂਰਥਲਾ(ਧਿਆਨ ਸਿੰਘ ਭਗਤ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਨਵਾਦੀ) ਨਿਊ ਡੈਮੋਕਰੇਸੀ ਵੱਲੋਂ ਮਨੁੱਖੀ ਹੱਕਾਂ ਦੇ ਘੁਲਾਟੀਏ ਅਤੇ ਜਲ ਜੰਗਲ ਜ਼ਮੀਨ ਦੀ ਰਾਖੀ ਦੇ ਮੁੱਦੇ ਉੱਤੇ ਆਦਿਵਾਸੀਆਂ ਦੇ ਹੱਕਾਂ ਲਈ ਲੜਨ ਵਾਲੇ ਅਣਥੱਕ ਘੁਲਾਟੀਏ ਸਟੈਨ ਸਵਾਮੀ ਦੀ ਮੌਤ ਦੇ ਲਈ ਜਿੰਮੇਵਾਰ ਕਥਿਤ ਫਾਸ਼ੀਵਾਦੀ ਮੋਦੀ ਸਰਕਾਰ ਵਿਰੁੱਧ ਜ਼ਿਲ੍ਹਾ ਹੈੱਡਕੁਆਰਟਰ ਕਪੂਰਥਲਾ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸ ਸਿਆਸੀ ਕਤਲ ਲਈ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ ।
ਸਵਾਮੀ ਦੀ ਮੌਤ ਦਾ ਯੂ.ਐਨ.ਓ ਨੇ ਨੋਟਿਸ ਲਿਆ:ਖਾਲੜਾ ਮਿਸ਼ਨ
ਅੰਮ੍ਰਿਤਸਰ(ਪੱਤਰ ਪ੍ਰੇਰਕ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਆਖਿਆ ਹੈ ਕਿ ਸਟੈਨ ਸਵਾਮੀ ਨੇ ਜਿਥੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਕੀਤਾ ਹੈ, ਉਥੇ ਇਹ ਵੀ ਸਾਬਤ ਹੋ ਗਿਆ ਹੈ ਕਿ ਭਾਰਤ ਦਾ ਨਿਆਇਕ ਸਿਸਟਮ ਸਰਕਾਰਾਂ ਦੇ ਝੂਠ ਉਪਰ ਹੀ ਮੋਹਰ ਲਗਾਉਂਦਾ ਹੈ। ਖਾਲੜਾ ਮਿਸ਼ਨ ਨੇ ਕਿਹਾ ਕਿ ਸਟੈਨ ਸਵਾਮੀ ਦੀ ਮੌਤ ਦਾ ਯੂ.ਐਨ.ਓ ਤੇ ਯੂਰਪੀਅਨ ਯੂਨੀਅਨ ਵੱਲੋਂ ਨੋਟਿਸ ਲਿਆ ਹੈ ਕਿ 84 ਸਾਲਾ ਸਵਾਮੀ 9 ਮਹੀਨਿਆਂ ਤੋਂ ਐਨ.ਆਈ.ਏ ਦੀ ਹਿਰਾਸਤ ਵਿੱਚ ਸੀ ਅਤੇ ਉਸਨੂੰ ਝੂਠੇ ਕੇਸ ਵਿੱਚ ਫਸਾ ਕੇ ਤਸੀਹੇ ਦਿਤੇ ਜਾ ਰਹੇ ਸਨ। ਜੂਡੀਸ਼ਰੀ ਵੱਲੋਂ ਸਵਾਮੀ ਨੂੰ ਰਿਹਾਅ ਕਰਨ ਦੀ ਬਜਾਏ ਸਰਕਾਰ ਦਾ ਪੱਖ ਪੂਰਿਆ ਗਿਆ।ਖਾਲੜਾ ਮਿਸ਼ਨ ਨੇ ਕਿਹਾ ਕਿ ਇਸ ਘਟਨਾ ਨੇ ਫਿਰ ਸਾਬਤ ਕੀਤਾ ਹੈ ਕਿ ਭਾਰਤ ਅੰਦਰ ਜੰਗਲ ਰਾਜ ਹੈ।