ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਮਈ
ਪਿੰਡ ਮੂਧਲ ਵਿੱਚ ਕਣਕ ਦੀ ਚੁਕਾਈ ਦੀ ਮੰਗ ਲਈ ਪੱਲੇਦਾਰਾਂ ਵਲੋਂ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਸੀਪੀਆਈ (ਐੱਮਐੱਲ ਲਬਿਰੇਸ਼ਨ) ਦੇ ਆਗੂ ਬਲਬੀਰ ਸਿੰਘ ਮੂਧਲ ਨੇ ਆਖਿਆ ਕਿ ਜੇਕਰ ਕਣਕ ਦੀ ਚੁਕਾਈ ਜਲਦੀ ਨਾ ਹੋਈ ਤਾਂ ਇਸ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਣਕ ਦੀ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਪੱਲੇਦਾਰਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਮੰਡੀ ਵਿਚ ਮੁੱਢਲੀਆਂ ਸਹੂਲਤਾਂ ਦੀ ਵੀ ਘਾਟ ਹੈ। ਪਖਾਨੇ ਆਦਿ ਦਾ ਕੋਈ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਵੀ ਹੋਈ ਸੀ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਮਸਲਾ ਜਲਦੀ ਹੱਲ ਹੋ ਜਾਵੇਗਾ ਪਰ ਹੁਣ ਤਕ ਲਿਫਟਿੰਗ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਚੁਕਾਈ ਜਲਦੀ ਸ਼ੁਰੂ ਨਾ ਹੋਈ ਤਾਂ ਮਾਰਕਫੈੱਡ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਕੇਵਲ ਸਿੰਘ, ਇਨਕਲਾਬੀ ਨੌਜਵਾਨ ਸਭਾ ਵੱਲੋਂ ਮਨਜੀਤ ਕਾਦਰਾਬਾਦ, ਮਜਦੂਰ ਮੁਕਤੀ ਮੋਰਚਾ ਤੋਂ ਪ੍ਰੇਮ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਹਰਸਿਮਰਨ ਸਿੰਘ, ਬਚਨ ਸਿੰਘ ਪਾਖਰਪੁਰਾ ਤੇ ਹੋਰ ਮਜ਼ਦੂਰ ਆਗੂ ਹਾਜ਼ਰ ਸਨ।