ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਜੁਲਾਈ
ਤਨਖਾਹ ਕਮਿਸ਼ਨ ਖਿਲਾਫ ਰੋਸ ਪ੍ਰਗਟਾਅ ਰਹੀਆਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਜਥੇਬੰਦੀਆਂ ਵਲੋਂ ਅੱਜ ਵੀ ਸਿਵਲ ਸਰਜਨ ਦਫਤਰ ਦੇ ਬਾਹਰ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਵੀ ਸਾੜਿਆ ਗਿਆ। ਰੋਸ ਵਿਖਾਵਾ ਕਰਨ ਵਾਲੀਆਂ ਜਥੇਬੰਦੀਆਂ ਵਿਚ ਹੈਲਥ ਇੰਪਲਾਈਜ਼ ਐਸੋਸੀਏਸ਼ਨ ਦੇ ਝੰਡੇ ਹੇਠ ਫਾਰਮੇਸੀ ਅਫਸਰ ਐਸੋਸੀਏਸ਼ਨ, ਏਐਨਐਮ, ਐਲਐਚਵੀ ਯੂਨੀਅਨ, ਮਲਟੀਪਰਪਰਜ ਹੈਲਥ ਵਰਕਰ ਯੂਨੀਅਨ, ਸਟਾਫ ਨਰਸਿੰਗ ਯੂਨੀਅਨ, ਐਮਐਲਟੀ ਐਸੋਸੀਏਸ਼ਨ, ਰੇਡੀਓਗਰਾਫਰ ਯੂਨੀਅਨ, ਈਐਸਆਈ ਇੰਪਲਾਈਜ਼ ਫੈਡਰੇਸ਼ਨ, ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ, ਡਰਾਇਵਰ ਯੂਨੀਅਨ, ਦਰਜਾ ਚਾਰ, ਫੀਲਡ ਵਰਕਰ ਯੂਨੀਅਨ, ਡੈਂਟਲ ਕਾਲਜ ਇੰਪਲਾਈਜ ਐਸੋਸੀਏਸ਼ਨ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਮੁਲਾਜ਼ਮ ਯੂਨੀਅਨ ਆਦਿ ਜਥੇਬੰਦੀਆਂ ਦੇ ਕਾਰਕੁੰਨ ਸ਼ਾਮਲ ਸਨ। ਇਸ ਮੌਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਰੱਦ ਕਰਨ ਦੀ ਮੰਗ ਕੀਤੀ ਗਈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਸਿਵਲ ਸਰਜਨ ਦਫ਼ਤਰ ਬਾਹਰ ਨਵਦੀਪ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਉਪਰੰਤ ਮੁਲਾਜ਼ਮਾਂ ਵਲੋਂ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਬੋਲਦਿਆਂ ਮੁਲਾਜ਼ਮ ਆਗੂਆਂ ਨੇ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲਿਆਂ ਦੀ ਨਿਖੇਧੀ ਕੀਤੀ
ਪਠਾਨਕੋਟ (ਐੱਨਪੀ ਧਵਨ): ਅੱਜ ਪੰਜਾਬ ਯੂਟੀ ਅਤੇ ਪੈਨਸ਼ਨਰਜ਼ ਸਾਂਝਾ ਮੁਲਾਜ਼ਮ ਮੰਚ ਵੱਲੋਂ ਮੁਲਾਜ਼ਮ ਮਾਰੂ ਛੇਵੇਂ ਤਨਖਾਹ ਕਮਿਸ਼ਨ ਦੇ ਨੋਟੀਫੀਕੇਸ਼ਨ ਦੀਆਂ ਕਾਪੀਆਂ ਜ਼ਿਲ੍ਹਾ ਕੁਆਰਡੀਨੇਟਰ ਗੁਰਨਾਮ ਸਿੰਘ ਸੈਣੀ ਅਤੇ ਰਾਜਿੰਦਰ ਧੀਮਾਨ ਦੀ ਅਗਵਾਈ ਵਿੱਚ ਡੀਸੀ ਦਫਤਰ ਮੂਹਰੇ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਿਕਰਮਜੀਤ ਸਿੰਘ, ਮਾਸਟਰ ਰਾਮ ਦਾਸ, ਸੱਤਿਆ ਪ੍ਰਕਾਸ਼, ਬਲਦੇਵ ਰਾਜ, ਡਾ. ਲੇਖ ਰਾਜ, ਨਿਰਵੇਸ਼ ਡੋਗਰਾ, ਦਵਿੰਦਰ ਅੱਤਰੀ, ਹੰਸ ਰਾਜ, ਨੱਥਾ ਸਿੰਘ, ਸ਼੍ਰੀਮਤੀ ਮੋਹਨੀ ਕੌਰ, ਰਜਨੀ ਬਿਆਸ, ਅੰਜੂ, ਮੁਨੀਸ਼ ਕੁਮਾਰ, ਸੁਰਜੀਤ ਕਾਟਲ, ਜਗਦੀਪ ਕਾਟਲ ਆਦਿ ਸ਼ਾਮਲ ਹੋਏ।