ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨਾਲ ਸਬੰਧਤ ਪੰਜਾਬੀ ਦਸਤਾਵੇਜ਼ੀ ‘ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ’ ਖ਼ਾਲਸਾ ਕਾਲਜ ਮਹਿਲਾ ਵਿੱਚ ਜਾਰੀ ਕੀਤੀ ਗਈ। ਇਸੇ ਦਸਤਾਵੇਜ਼ੀ ਦੀ ਪੇਸ਼ਕਾਰੀ ਗੁਰੂ ਨਾਨਕ ਯੂਨੀਵਰਸਿਟੀ ਵਿਚ ਵੀ ਕੀਤੀ ਗਈ। ਇਹ ਦਸਤਾਵੇਜ਼ੀ ਸਿੰਘਾਪੁਰ ਦੇ ਵਸਨੀਕ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਿਨਇੰਦਰ ਕੌਰ ਦੁਆਰਾ ਤਿਆਰ ਕੀਤੀ ਗਈ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਡਾਕੂਮੈਂਟਰੀ ਤਿਆਰ ਕਰਨ ਵਾਲਿਆਂ ਦੇ ਯਤਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਰਦੀਪ ਸਿੰਘ ਨੇ ਦੱਸਿਆ ਕਿ ਇਸ 24 ਲੜੀਆਂ ਦੀ ਦਸਤਾਵੇਜ਼ੀ ਨੂੰ 9 ਦੇਸ਼ਾਂ ’ਚ 150 ਤੋਂ ਵੱਧ ਵੱਖ-ਵੱਖ ਧਾਰਮਿਕ ਅਤੇ ਬਹੁ-ਵਿਸ਼ਵਾਸ ਸਥਾਨਾਂ ’ਚ ਫਿਲਮਾਇਆ ਗਿਆ ਹੈ, ਜਿਥੇ ਗੁਰੂ ਨਾਨਕ ਦੇਵ ਨੇ 15ਵੀਂ ਸਦੀ ਵਿੱਚ 22 ਸਾਲਾਂ ਦੀ ਲੰਬੀ ਅਧਿਆਤਮਿਕ ਖੋਜ ਦੌਰਾਨ ਯਾਤਰਾ ਕੀਤੀ ਸੀ।