ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ਵਾਸਤੇ ਪਿੰਗਲਵਾੜਾ ਸੰਸਥਾ ਨੇ ਮੈਡੀਕਲ ਟੀਮ ਭੇਜੀ ਹੈ, ਜੋ ਉਥੇ ਮੈਡੀਕਲ ਕੈਂਪ ਲਾਵੇਗੀ। ਪਿੰਗਲਵਾੜਾ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਇਹ ਮੈਡੀਕਲ ਟੀਮ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਲਈ ਮੈਡੀਕਲ ਕੈਂਪ ਲਾਵੇਗੀ। ਟੀਮ ਵਿੱਚ ਡਾਕਟਰ, ਨਰਸਾਂ ਤੇ ਹੋਰ ਪੈਰਾਮੈਡੀਕਲ ਅਮਲਾ ਸ਼ਾਮਲ ਹੈ। ਉਹ ਆਪਣੇ ਨਾਲ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਰਜੀਕਲ ਉਪਕਰਨ ਲੈ ਕੇ ਗਏ ਹਨ। ਪਿੰਗਲਵਾੜਾ ਵੱਲੋਂ ਧਰਨੇ ’ਤੇ ਬੈਠੇ ਕਿਸਾਨਾਂ ਵਾਸਤੇ ਇਕ ਹਜ਼ਾਰ ਜੋੜੇ ਜੁਰਾਬਾਂ ਦੇ ਅਤੇ ਢਾਈ ਕੁਇੰਟਲ ਪਿੰਨੀਆਂ ਵੀ ਲੈ ਕੇ ਗਏ ਹਨ, ਜੋ ਉਥੇ ਧਰਨੇ ’ਤੇ ਬੈਠੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੰਡੇ ਜਾਣਗੇ। ਟੀਮ ਦੀ ਰਵਾਨਗੀ ਸਮੇਂ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਗੁਲਸ਼ਨ ਰੰਜਨ, ਬਖਸ਼ੀਸ਼ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਤੇ ਹੋਰ ਹਾਜ਼ਰ ਸਨ।