ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 31 ਅਗਸਤ
ਪੰਜਾਬ ਸਰਕਾਰ ਵਲੋਂ ਪੈਨਸ਼ਨ ਯੋਜਨਾ ਤਹਿਤ ਜੁਲਾਈ 2021 ਤੋਂ ਦੁੱਗਣੀ ਪੈੈਨਸ਼ਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਅੰਦਰ ਵੀ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਦੁੱਗਣੀ ਹੋਈ ਪੈਨਸ਼ਨ ਨਾਲ ਜ਼ਿਲ੍ਹੇ ’ਚ 1 ਲੱਖ 80 ਹਜ਼ਾਰ ਦੇ ਕਰੀਬ ਪੈਨਸ਼ਨਰਾਂ ਨੂੰ ਦੁੱਗਣੀ ਪੈਨਸ਼ਨ ਦਾ ਲਾਭ ਮਿਲੇਗਾ ਅਤੇ ਅੱਜ ਜ਼ਿਲ੍ਹੇ ਵਿੱਚ 24 ਥਾਵਾਂ ’ਤੇ ਸਮਾਗਮ ਕਰਕੇ 8500 ਦੇ ਕਰੀਬ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈੱਕ ਤਕਸੀਮ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੈਨਸ਼ਨ ਪ੍ਰਦਾਨ ਕਰਨ ਸਬੰਧੀ ਕੀਤੇ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਰਾਜ ਕੰਵਲ ਪ੍ਰੀਤ ਸਿੰਘ ਲੱਕੀ, ਕੌਂਸਲਰ ਵਿਕਾਸ ਸੋਨੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੈਡਮ ਜਤਿੰਦਰ ਸੋਨੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਰੂਹੀ ਡੱਗ ਵਲੋਂ ਸ਼ਿਰਕਤ ਕੀਤੀ ਗਈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਨਲਾਈਨ ਪੈਨਸ਼ਨ ’ਚ ਵਾਧੇ ਸਬੰਧੀ ਪ੍ਰੋਗਰਾਮ ਵਿਚ ਹਿੱਸਾ ਲੈਣ ਉਪਰੰਤ 10 ਲਾਭਪਾਤਰੀਆਂ ਨੂੰ ਨਿੱਜੀ ਤੌਰ ’ਤੇ ਵਧੀ ਪੈਨਸ਼ਨ ਦੇ ਚੈੱਕ ਸੌਂਪਦਿਆਂ ਕਿਹਾ ਕਿ ਪੈਨਸ਼ਨਾਂ ਵਿਚ ਵਾਧੇ ਨਾਲ ਸੂਬੇ ਦੇ 27 ਲੱਖ ਲਾਭਪਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1 ਲੱਖ 48 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦੇ ਖਾਤੇ ਵਿਚ ਹਰ ਮਹੀਨੇ ਵਧੀ ਹੋਈ ਪੈਨਸ਼ਨ ਦੀ ਰਕਮ ਪੰਜਾਬ ਸਰਕਾਰ ਵਲੋਂ ਪਾਈ ਜਾਵੇਗੀ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਫਰਜ਼ੰਦ ਹਰਵਿੰਦਰ ਸਿੰਘ ਹੈਰੀ ਨੇ ਬਟਾਲਾ ਤੋਂ ਥੋੜ੍ਹੀ ਦੂਰ ਪੰਜਗਰਾਈਆ ਵਿੱਚ ਲਾਭਪਾਤਰੀਆਂ ਨੂੰ 15 ਸੌ ਰੁਪਏ ਦੇ ਚੈੱਕ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਤੋਂ ਇਲਾਵਾ ਵਿਧਾਇਕ ਲਾਡੀ ਨੇ ਵੀ ਕਸਬਾ ਘੁਮਾਣ ਵਿੱਚ ਲਾਭਪਾਤਰੀਆਂ ਨੂੰ 15 ਸੌ ਰੁਪਏ ਦੇ ਚੈੱਕ ਵੰਡੇ।
ਜ਼ਿਲ੍ਹਾ ਜਲੰਧਰ ਵਿੱਚ 3340 ਪੈਨਸ਼ਨਰਾਂ ਨੂੰ ਚੈੱਕ ਵੰਡੇ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਸਮਾਗਮ ਦੌਰਾਨ ਸੂਬੇ ਵਿੱਚ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਦੁੱਗਣੀ ਵਿੱਤੀ ਸਹਾਇਤਾ ਦੀ ਵੰਡ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਜਲੰਧਰ ਵਿੱਚ ਕੁੱਲ 1,74,169 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ। ਪੈਨਸ਼ਨ ਵੰਡ ਸਮਾਗਮ ਵਿੱਚ ਹਿੱਸਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਹੀਨਾਵਾਰ ਪੈਨਸ਼ਨ ਦੀ ਰਾਸ਼ੀ ਨੂੰ ਦੁੱਗਣਾ ਕਰਕੇ 750 ਰੁਪਏ ਤੋਂ 1500 ਰੁਪਏ ਕਰ ਦਿੱਤਾ ਗਿਆ ਹੈ, ਜੋ ਕਿ ਜ਼ਿਲ੍ਹੇ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗਾਂ ਵਜੋਂ ਲਾਭ ਲਈ ਦਰਜ 1.74 ਲੱਖ ਲਾਭਪਾਤਰੀਆਂ ਦੀ ਭਲਾਈ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ 21 ਲਾਭਪਾਤਰੀਆਂ ਨੂੰ ਮੌਕੇ ’ਤੇ ਹੀ ਪੈਨਸ਼ਨ ਦੇ ਚੈੱਕ ਸੌਂਪ ਕੇ ਜ਼ਿਲ੍ਹੇ ਵਿੱਚ ਦੁੱਗਣੀ ਪੈਨਸ਼ਨ ਦੀ ਵੰਡ ਦਾ ਆਗਾਜ਼ ਕੀਤਾ। ਇਹ ਸਮਾਗਮ ਜ਼ਿਲ੍ਹੇ ਭਰ ਵਿੱਚ 22 ਸਥਾਨਾਂ ’ਤੇ ਇੱਕੋ ਸਮੇਂ ਆਯੋਜਿਤ ਕੀਤਾ ਗਿਆ ਸੀ, ਜਿੱਥੇ ਲੋਕ ਨੁਮਾਇੰਦਿਆਂ ਵੱਲੋਂ 3340 ਲਾਭਪਾਤਰੀਆਂ ਨੂੰ 50.97 ਲੱਖ ਰੁਪਏ ਦੇ ਦੁੱਗਣੇ ਪੈਨਸ਼ਨ ਲਾਭਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ ।